Home Uncategorized ਪਿਤਾ ਦੀ ਬਰਸੀ ਮੌਕੇ ਮੁਫ਼ਤ ਮੈਗਾ ਮੈਡੀਕਲ ਚੈਕਅੱਪ ਲਗਾਇਆ

ਪਿਤਾ ਦੀ ਬਰਸੀ ਮੌਕੇ ਮੁਫ਼ਤ ਮੈਗਾ ਮੈਡੀਕਲ ਚੈਕਅੱਪ ਲਗਾਇਆ

25
0


ਜਗਰਾਉਂ , 8 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਗਰਾਉਂ ਦੇ ਪ੍ਰਸਿੱਧ ਡਾਕਟਰ ਸਵ. ਚੰਦਰ ਪ੍ਰਕਾਸ਼ ਕਲਿਆਣੀ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਦੇ ਸਪੁੱਤਰ ਡਾ: ਦੀਪਕ ਕਲਿਆਣੀ ਵੱਲੋਂ ਕਲਿਆਣੀ ਹਸਪਤਾਲ ਵਿਖੇ ਮੁਫ਼ਤ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਡਾ: ਚੰਦਰ ਪ੍ਰਕਾਸ਼ ਕਲਿਆਣੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਡਾ: ਦੀਪਕ ਕਲਿਆਣੀ ਅਤੇ ਡਾ: ਮੀਨਾ ਲਾਲ ਆਰਥੋ ਸਪੈਸ਼ਲਿਸਟ, ਡਾ: ਵਿਸ਼ਨੂੰ ਗੁਪਤਾ ਨਿਊਰੋ ਸਰਜਨ, ਡਾ: ਅਭਿਸ਼ੇਕ ਗੁਪਤਾ ਮਨੋਚਿਕਿਤਸਕ, ਡਾ: ਐਨ.ਐਸ ਬਹਿਲ ਪੇਟ ਦੇ ਰੋਗਾਂ ਦੇ ਮਾਹਿਰ, ਡਾ: ਗਗਨ ਅਰੋੜਾ ਅੱਖਾਂ ਦੇ ਮਾਹਿਰ ਅਤੇ ਡਾ: ਰੋਜ਼ ਕਮਲ ਪੁਰੀ ਮੈਡੀਸਨ ਸਪੈਸ਼ਲਿਸਟ ਨੇ ਆਪਣੀਆਂ ਟੀਮਾਂ ਨਾਲ 400 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ। ਲੋੜ ਅਨੁਸਾਰ ਉਨ੍ਹਾਂ ਦੇ ਲੈਬਾਰਟਰੀ ਟੈਸਟ ਅਤੇ ਕਾਲਾ ਪੀਲੀਆ ਦੇ ਟੈਸਟ ਮੁਫਤ ਕੀਤੇ ਗਏ ਅਤੇ ਲੋੜ ਅਨੁਸਾਰ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਹਨ। ਵਰਨਣਯੋਗ ਹੈ ਕਿ ਡਾ: ਚੰਦਰਪ੍ਰਕਾਸ਼ ਕਲਿਆਣੀ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਇਲਾਕੇ ਦੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਉਨ੍ਹਾਂ ਦੀਆਂ ਸੇਵਾਵਾਂ 24 ਘੰਟੇ ਲੋਕਾਂ ਨੂੰ ਮਿਲਦੀਆਂ ਸਨ ਅਤੇ ਐਮਰਜੈਂਸੀ ਸੇਵਾਵਾਂ ਲਈ ਜਗਰਾਉਂ ਇਲਾਕੇ ’ਚ ਕੇਵਲ ਕਲਿਆਣੀ ਹਸਪਤਾਲ ਹੀ ਯਾਦ ਕੀਤਾ ਜਾਂਦਾ ਹੈ। ਉਹ ਬਹੁਤ ਹੀ ਦਿਆਲੂ ਸੁਭਾਅ ਦੇ ਸਨ ਅਤੇ ਜਿਹੜੇ ਲੋਕ ਇਲਾਜ ਲਈ ਪੈਸੇ ਨਹੀਂ ਦੇ ਸਕਦੇ ਸਨ, ਉਨ੍ਹਾਂ ਦਾ ਮੁਫਤ ਇਲਾਜ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੀ ਜੇਬ ਵਿਚੋਂ ਪੈਸੇ ਵੀ ਅਕਸਰ ਦੇ ਦਿਆ ਕਰਦੇ ਸਨ। ਅੱਜ ਭਾਵੇਂ ਡਾ ਚੰਦਰ ਪ੍ਰਕਾਸ਼ ਕਲਿਆਣਈ ਸਰੀਰਿਕ ਤੌਰ ਤੇ ਸਾਡੇ ਵਿਚਕਾਰ ਨਹੀਂ ਹਨ ਪਰ ਨਿਸ਼ਕਾਮ ਭਾਵਨਾਂ ਵਾਲੀਆਂ ਸੇਵਾਵਾਂ ਕਾਰਨ ਉਹ ਹਮੇਸ਼ਾ ਇਲਾਕੇ ਦੇ ਲੋਕਾਂ ਦੇ ਦਿਲਾਂ ’ਚ ਜ਼ਿੰਦਾ ਰਹਿਣਗੇ। ਉਨ੍ਹਾਂ ਦੇ ਸਪੁੱਤਰ ਡਾ: ਦੀਪਕ ਕਲਿਆਣੀ ਵੀ ਆਪਣੇ ਪਿਤਾ ਦੇ ਦਰਸਾਏ ਮਾਰਗ ’ਤੇ ਚੱਲ ਰਹੇ ਹਨ ਅਤੇ ਨਿਸ਼ਕਾਮ ਅਤੇ ਸੇਵਾ ਭਾਵਨਾ ਨਾਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਡੇਲੀ ਜਗਰਾਉਂ ਨਿਊਜ਼ ਦੀ ਸਮੁੱਚੀ ਟੀਮ ਡਾ ਚੰਦਰ ਪ੍ਰਕਾਸ਼ ਕਲਿਆਣੀ ਨੂੰ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦੀ ਹੈ।