ਚੰਡੀਗੜ੍ਹ , 2 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਦੇ ਗੁਰਦਾਸਪੁਰ ਅਤੇ ਪਠਾਨਕੋਟ ਕੌਮਾਂਤਰੀ ਸਰਹੱਦ ਉਤੇ ਨਾਜਾਇਜ਼ ਮਾਈਨਿੰਗ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ। ਸਰਹੱਦੀ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਕਾਰਨ ਵੱਡੇ-ਵੱਡੇ ਖੱਡੇ ਹੋਣ ਉਤੇ ਹਾਈ ਕੋਰਟ ਨੇ ਭਾਰਤ ਦੀ ਕੌਮਾਂਤਰੀ ਸੁਰੱਖਿਆ ਉਤੇ ਸਵਾਲ ਚੁੱਕੇ ਸਨ ਤੇ ਪੰਜਾਬ ਸਰਕਾਰ ਤੇ ਬੀਐਸਐਫ ਨੂੰ ਰਿਪੋਰਟ ਦਰਜ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ। ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਾਖ਼ਲ ਆਪਣੇ ਜਵਾਬ ਵਿੱਚ ਕਿਹਾ ਕਿ ਸਰਕਾਰ ਵੱਲੋਂ ਮਾਈਨਿੰਗ ਨੂੰ ਲੈ ਕੇ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।ਹਾਲਾਂਕਿ ਮਾਈਨਿੰਗ ਨੂੰ ਰੋਕਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਜਵਾਬ ਵਿੱਚ ਕੋਈ ਜ਼ਿਕਰ ਨਹੀਂ ਸੀ। ਹਾਈ ਕੋਰਟ ਨੂੰ ਪੰਜਾਬ ਸਰਕਾਰ ਦੇ ਜਵਾਬ ਤੋਂ ਤਸੱਲੀ ਨਹੀਂ ਹੋਈ ਅਤੇ ਪੰਜਾਬ ਸਰਕਾਰ ਨੂੰ ਮੁੜ ਵਿਸਥਾਰ ਵਿੱਚ ਰਿਪੋਰਟ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਗ਼ੈਰ ਕਾਨੂੰਨੀ ਮਾਈਨਿੰਗ ਮਸਲੇ ਉਤੇ ਪੰਜਾਬ ਸਰਕਾਰ ਨੂੰ ਕਿਹਾ “Big Brother(केंद्र) is watching you” Bsf ਨੇ ਵੀ ਰਿਪੋਰਟ ਦਰਜ ਕੀਤੀ ਪਰ ਹਾਈ ਕੋਰਟ ਨੇ ਬੀਐਸਐਫ ਨੂੰ ਨਿਰਦੇਸ਼ ਦਿੱਤੇ ਕਿ ਇਸ ਨੂੰ ਅਦਾਲਤ ਦੇ ਰਿਕਾਰਡ ਵਿੱਚ ਲਿਆਂਦਾ ਜਾਵੇ।ਚੰਡੀਗੜ੍ਹ ਵਾਸੀ ਐਡਵੋਕੇਟ ਗੁਰਬੀਰ ਸਿੰਘ ਪੰਨੂ ਨੇ ਪੰਜਾਬ ‘ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਹੁੰਦੇ ਹੀ ਪਟੀਸ਼ਨਰ ਨੇ ਦੱਸਿਆ ਸੀ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਦਰਿਆ ‘ਚ ਨਿਰਧਾਰਤ ਸੀਮਾ ਤੋਂ ਵੱਧ ਮਾਈਨਿੰਗ ਕੀਤੀ ਜਾ ਰਹੀ ਹੈ।
