ਹੇਰਾਂ 18 ਅਗਸਤ (ਜਸਵੀਰ ਸਿੰਘ ਹੇਰਾਂ):ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅਦਾਰੇ “ਗਿਆਨ ਪਰਗਾਸ ਟਰੱਸਟ,ਲੁਧਿਆਣਾ” ਦੀ ਸੇਵਾ ਸੰਸਥਾ ‘ਦਸਮੇਸ਼ ਖਾਲਸਾ ਚੈਰੀਟੇਬਲ ਹਸਪਤਾਲ,ਹੇਰਾਂ ਵੱਲੋਂ ਅਦਾਰੇ ਦੇ ਸਰਪ੍ਰਸਤ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜੱਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੀ ਪ੍ਰੇਰਨਾ ਤੇ ਐਤੀਆਣਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ‘ਫਰੀ ਮੈਡੀਕਲ ਕੈਂਪ’ ਲਗਾਇਆ ਗਿਆ। ਕੈੰਪ ਦੌਰਾਨ ਜਿੱਥੇ ਪਿੰਡ ਦੇ 175 ਮਰੀਜ਼ਾਂ ਨੇ ਲਾਹਾ ਲਿਆ, ਉੱਥੇ ਸਕੂਲ ਦੇ ਸਾਰੇ ਬੱਚਿਆਂ ਦਾ ਵੀ ਮੈਡੀਕਲ ਚੈੱਕ ਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਫਰੀ ਦਿੱਤੀਆਂ ਗਈਆਂ। ਕੈਂਪ ਵਿੱਚ ਐਤੀਆਣਾ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਗੁਰਮੀਤ ਸਿੰਘ, ਮੌਜੂਦਾ ਸਰਪੰਚ ਸਰਦਾਰ ਲਖਵੀਰ ਸਿੰਘ ਨੇ ਹਾਜਰੀ ਭਰਦਿਆਂ ਪੂਰਾ ਸਹਿਯੋਗ ਦਿੱਤਾ ਅਤੇ ਸਕੂਲ ਦੇ ਸਾਰੇ ਸਟਾਫ ਨੇ ਵੀ ਪੂਰਾ ਸਹਿਯੋਗ ਦਿੱਤਾ। ਕੈਂਪ ਵਿੱਚ ਹਸਪਤਾਲ ਦੇ ਡਾਕਟਰ ਸਹਿਬਾਨ ਡਾ:.ਗੁਰਲਾਲ ਸਿੰਘ,ਡਾ:.ਰਮੇਸ਼ਇੰਦਰ ਸਿੰਘ,ਡਾ: ਮਨਜਿੰਦਰਪਾਲ ਕੌਰ ਅਤੇ ਡਾ: ਜੈਸਮੀਨ ਕੌਰ ਅਤੇ ਇੰਨਾਂ ਦੇ ਸਹਿਯੋਗੀ ਸਟਾਫ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਅੱਜ ਦਸਮੇਸ਼ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਜਾ ਰਹੇ ਲੜਕੀਆਂ ਦੇ ਇੰਟਰਸਕੂਲ ਹਾਕੀ ਮੈਚਾਂ ਦੌਰਾਨ ਖਿਡਾਰੀਆਂ ਦੀ ਮੁਢਲੀ ਮੈਡੀਕਲ ਸਹਾਇਤਾ ਲਈ ਹਸਪਤਾਲ ਦੀ ਟੀਮ ਵੀ ਭੇਜੀ ਗਈ। ਕੈੰਪ ਦੀ ਸੰਪੂਰਨਤਾ ਤੇ ਟਰੱਸਟ ਦੇ ਪ੍ਰਧਾਨ ਸਰਦਾਰ ਸਲੋਚਨਬੀਰ ਸਿੰਘ ਜੀ ਅਤੇ ਹਸਪਤਾਲ ਦੇ ਮੁੱਖ ਪ੍ਰਬੰਧਕ, ਸ.ਪ੍ਰੀਤਮ ਸਿੰਘ ਨੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਟਰੱਸਟ ਲਈ ਤਨੋ,ਮਨੋ ਅਤੇ ਧਨੋ ਸਹਿਯੋਗ ਕਰਨ ਦੀ ਅਪੀਲ ਕੀਤੀ।ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂਪਿਛਲੇ ਦਿਨਾਂ ਵਿੱਚ ਹੜਾਂ ਦੀ ਮਾਰ ਹੇਠ ਆਏ ਹਲਕਿਆਂ,ਪਟਿਆਲਾ ਜ਼ਿਲੇ ਵਿੱਚ ਘੱਘਰ ਦੇ ਕੰਢੇ ਦੇ ਪਿੰਡਾਂ,ਫਿਰੋਜ਼ਪੁਰ ਜ਼ਿਲੇ ਦੇ ਇੰਡੋ-ਪਾਕਿ ਬਾਰਡਰ ਲਾਗੇ ਵੱਸੇ ਪਿੰਡਾਂ ਅਤੇ ਜ਼ਿਲਾ ਜਲੰਧਰ ਅਤੇ ਕਪੂਰਥਲਾ ਦੇ ਸੁਲਤਾਨਪੁਰ ਲੋਹੀਆਂ ਬੰਨੵ ਦੇ ਲਾਗੇ ਦੇ ਪਿੰਡਾਂ ਵਿੱਚ ,ਜਿੱਥੇ 7(ਸੱਤ)’ਫਰੀ ਮੈਡੀਕਲ ਕੈਂਪ’ ਲਗਾਏ ਜਾ ਚੁੱਕੇ ਹਨ,ਉੱਥੇ ਪਸ਼ੂਆਂ ਲਈ ‘ਵੈਟਨਰੀ ਕੈਂਪਾਂ’ ਦਾ ਵੀ ਪ੍ਰਬੰਧ ਕੀਤਾ ਜਾ ਚੁੱਕਾ ਹੈ ਅਤੇ ਇਹ ਲੜੀ ਅੱਗੇ ਵੀ ਚਾਲੂ ਹੈ। ਅੱਜ ਸਾਨੂੰ ਸਭ ਨੂੰ ਹੀ ਇਸ ਨਾਜ਼ਕ ਸਥਿਤੀ ਵਿੱਚ ਪੀੜਤਾਂ ਦੇ ਨਾਲ ਖੜਾ ਹੋਣ ਦੀ ਲੋੜ ਹੈ ਅਤੇ ਅਜਿਹੇ ਮਨੁੱਖਤਾ ਦੀ ਸੇਵਾ ਦੇ ਕਾਰਜ ਕਰ ਰਹੀਆਂ ਸੰਸਥਾਵਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।