ਬਰਨਾਲਾ(ਸੰਜੀਵ ਕੁਮਾਰ)ਬਰਨਾਲਾ ਐਤਵਾਰ ਨੂੰ ਬਾਅਦ ਦੁਪਹਿਰ ਪਈ ਭਾਰੀ ਬਰਸਾਤ ਕਾਰਨ ਮੌਸਮ ’ਚ ਇਕਦਮ ਤਬਦੀਲੀ ਆ ਗਈ। ਬਰਸਾਤ ਕਾਰਨ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਲੋਕਾਂ ਨੂੰ ਕਾਫ਼ੀ ਜ਼ਿਆਦਾ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕਈ ਦਿਨਾਂ ’ਚ ਵੀ ਮੌਸਮ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਭਾਰੀ ਬਰਸਾਤ ਦੇ ਕਾਰਨ ਬਾਜ਼ਾਰਾਂ ’ਚ ਪਾਣੀ ਇਕੱਠਾ ਹੋ ਗਿਆ। ਪਾਣੀ ਕਾਰਨ ਬਾਜ਼ਾਰਾਂ ’ਚ ਚਹਿਲ ਪਹਿਲ ਖ਼ਤਮ ਹੋ ਗਈ ਤੇ ਬਾਜ਼ਾਰਾਂ ’ਚ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਉੱਥੋ ਲੰਘਣਾ ਮੁਸ਼ਕਿਲ ਹੋ ਗਿਆ। ਤੇਜ਼ ਬਰਸਾਤ ਕਾਰਨ ਵਾਹਨ ਚਾਲਕਾਂ ਨੂੰ ਵੀ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਹਰਪਾਲ ਸਿੰਘ, ਗੁਰਦੇਵ ਸਿੰਘ, ਨਛੱਤਰ ਸਿੰਘ, ਗੁਰਦੇਵ ਸਿੰਘ ਨੇ ਕਿਹਾ ਕਿ ਬਰਸਾਤ ਪੈਣ ਕਾਰਨ ਝੋਨੇ ’ਚ ਪਾਣੀ ਦੀ ਕਮੀ ਦੂਰ ਹੋ ਗਈ ਹੈ। ਕਿਸਾਨਾਂ ਨੂੰ ਮੀਂਹ ਨਾਲ ਕਾਫ਼ੀ ਜ਼ਿਆਦਾ ਫ਼ਾਇਦਾ ਹੋਇਆ ਹੈ। ਉੱਥੇ ਹੀ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੀ ਰਾਹਤ ਮਿਲੀ ਹੈ। ਸ਼ਹਿਰ ਵਾਸੀ ਹਰੀਸ਼ ਕੁਮਾਰ, ਨਵਚੇਤ ਸਿੰਘ, ਗੁਰਬਖ਼ਸ ਸਿੰਘ, ਸੁਭਾਸ਼ ਕੁਮਾਰ ਆਦਿ ਨੇ ਕਿਹਾ ਕਿ ਮੀਂਹ ਪੈਣ ਕਾਰਨ ਉੱਥੇ ਮੌਸਮ ਠੰਢਾ ਹੋਇਆ ਹੈ, ਉੱਥੇ ਹੀ ਬਾਜ਼ਾਰਾਂ ’ਚ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।