ਜਲੰਧਰ 20 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਜਲੰਧਰ ਵਿਖੇ ਇਕ ਭਿਆਨਕ ਹਾਦਸਾ ਵਾਪਰ ਗਿਆ।ਲੰਮਾ ਪਿੰਡ ਚੌਕ ਨੇੜੇ ਸਥਿਤ ਸਰਕਾਰੀ ਸਕੂਲ ਕੋਲ ਅੱਗ ਲੱਗਣ ਕਾਰਨ ਇਕ ਮਾਸੂਮ ਬੱਚੇ ਅਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਪਰਵਾਸੀ ਮਜ਼ਦੂਰਾਂ ਦੇ ਕੁਆਰਟਰਾਂ ‘ਚ ਅਚਾਨਕ ਅੱਗ ਲੱਗਣ ਕਾਰਨ ਇਕ ਨੌਜਵਾਨ ਅਤੇ ਉਸ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ,ਜਦਕਿ ਇਕ ਔਰਤ ਤੇ ਇਕ ਬੱਚਾ ਬੁਰੀ ਤਰ੍ਹਾਂ ਝੁਲਸ ਗਏ ਹਨ।ਜਿਨ੍ਹਾਂ ਤੁਰੰਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ।ਜਾਣਕਾਰੀ ਅਨੁਸਾਰ ਲੰਮਾ ਪਿੰਡ ਚੌਕ ਨੇੜੇ ਪਰਵਾਸੀ ਮਜ਼ਦੂਰਾਂ ਦੇ ਕੁਆਰਟਰ ਹਨ।ਇੱਕ ਕੁਆਰਟਰ ਵਿੱਚ ਸਵੇਰੇ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕੁਆਰਟਰਾਂ ਵਿੱਚ ਹਫੜਾ-ਦਫੜੀ ਮੱਚ ਗਈ।ਗੁਆਂਢੀਆਂ ਨੇ ਮੌਕੇ ਉਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਏਡੀਸੀਪੀ ਸੋਹੇਲ ਮੀਰ, ਏਸੀਪੀ ਨਿਰਮਲ ਸਿੰਘ ਮੌਕੇ ਉਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਪਰਵਾਸੀ ਮਜ਼ਦੂਰਾਂ ਦਾ ਪਰਿਵਾਰ ਕਿਰਾਏ ‘ਤੇ ਕੁਆਰਟਰਾਂ ‘ਚ ਰਹਿੰਦਾ ਸੀ। ਸ਼ੱਕ ਹੈ ਕਿ ਇਹ ਹਾਦਸਾ ਗੈਸ ਲੀਕ ਹੋਣ ਕਾਰਨ ਵਾਪਰਿਆ ਹੈ। ਘਟਨਾ ‘ਚ ਪਰਵਾਸੀ ਮਜ਼ਦੂਰ ਅਤੇ ਉਸ ਦੇ ਮਾਸੂਮ ਪੁੱਤਰ ਦੀ ਮੌਤ ਹੋ ਗਈ ਹੈ,ਜਦਕਿ ਔਰਤ ਤੇ ਇਕ ਬੱਚੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।ਝੁਲਸ ਗਈ ਔਰਤ ਅਤੇ ਬੱਚੇ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦੋਂ ਔਰਤ ਵੱਲੋਂ ਗੈਸ ਚੁੱਲ੍ਹਾ ਚਲਾਇਆ ਜਾ ਰਿਹਾ ਸੀ।ਈਡੀਸੀਪੀ ਸੋਹੇਲ ਮੀਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਇੱਥੇ ਕਿਸ ਦੇ ਕੁਆਰਟਰ ਹਨ ਅਤੇ ਕਿਰਾਏਦਾਰ ਰੱਖਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਜਾਂ ਨਹੀਂ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
