ਜਗਰਾਉਂ, 15 ਫਰਵਰੀ ( ਬੌਬੀ ਸਹਿਜਲ, ਧਰਮਿੰਦਰ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਸਕੂਟੀ ’ਤੇ ਭੁੱਕੀ ਅਤੇ ਅਫੀਮ ਸਪਲਾਈ ਕਰਨ ਜਾਂਦੇ ਹੋਏ 2 ਨੌਜਵਾਨਾ ਨੂੰ ਕਾਬੂ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਸਿੱਧਵਾਂਬੇਟ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਏਐਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਪਿੰਡ ਭੂੰਦੜੀ ਵਿੱਚ ਚੈਕਿੰਗ ਦੌਰਾਨ ਮੌਜੂਦ ਸਨ। ਉੱਥੇ ਇਤਲਾਹ ਮਿਲੀ ਕਿ ਸਾਹਿਲ ਕੁਮਾਰ (19 ਸਾਲ) ਵਾਸੀ ਵੱਡੀ ਹੈਬੋਵਾਲ ਜ਼ਿਲ੍ਹਾ ਲੁਧਿਆਣਾ, ਮੌਜੂਦਾ ਵਾਸੀ ਗੋਪਾਲ ਨਗਰ, ਛੋਟੀ ਹੈਬੋਵਾਲ, ਲੁਧਿਆਣਾ ਅਤੇ ਅਵਤਾਰ ਸਿੰਘ ਉਰਫ਼ ਤਾਰਾ (22 ਸਾਲ) ਵਾਸੀ ਸ਼ਿਮਲਾਪੁਰੀ, ਮੌਜੂਦਾ ਵਾਸੀ ਹੈਬੋਵਾਲ ਸਕੂਟਰੀ ਤੇ ਅਫੀਮ ਅਤੇ ਭੁੱਕੀ ਲੈ ਭੂੰਦੜੀ ਵਾਲੇ ਪਾਸੇ ਤੋਂ ਕੁਲ ਗਹਿਣਾ ਵੱਲ ਆ ਰਹੇ ਹਨ ਅਤੇ ਬਿਨਾਂ ਨੰਬਰੀ ਐਕਟਿਵਾ ਸਕੂਟੀ ’ਤੇ ਸਵਾਰ ਹੋ ਕੇ ਆਲੇ-ਦੁਆਲੇ ਦੇ ਪਿੰਡਾਂ ਨੂੰ ਸਪਲਾਈ ਕਰਨ ਜਾ ਰਹੇ ਹਨ। ਇਸ ਸੂਚਨਾ ’ਤੇ ਲਿੰਕ ਰੋਡ ਕੁਲਗਹਿਣਾ ਤੋਂ ਭੂੰਦੜੀ ਨੂੰ ਜਾਂਦੇ ਰਸਤੇ ’ਤੇ ਨਾਕਾਬੰਦੀ ਕਰਕੇ ਸਕੂਟੀ ’ਤੇ ਸਵਾਰ ਹੋ ਕੇ ਜਾ ਰਹੇ 20 ਕਿਲੋ ਭੁੱਕੀ ਅਤੇ 250 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ।
