ਜਗਰਾਓਂ, 22 ਦਸੰਬਰ ( ਜਗਰੂਪ ਸੋਹੀ )- ਕਰੀਬ 10 ਦਿਨ ਪਹਿਲਾਂ ਥਾਣਾ ਸਿਟੀ ’ਚ ਇਕ ਲੜਕੇ ਖਿਲਾਫ ਧਾਰਾ 363 366 ਆਈ.ਪੀ.ਸੀ. ਤਹਿਤ ਦਰਜ ਕੀਤੇ ਗਏ ਮਾਮਲੇ ਦੇ ਸਬੰਧ ’ਚ ਲੜਕੇ ਦੇ ਪਿਤਾ ਜਸਵੰਤ ਸਿੰਘ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੂੰ ਨਾਲ ਲੈ ਕੇ ਐਸ.ਐਸ.ਪੀ ਦਫ਼ਤਰ ਪੁੱਜੇ ਅਤੇ ਉਕਤ ਉਸਦੇ ਲੜਕੇ ਖਿਲਾਫ ਦਰਜ ਕੀਤੇ ਗਏ ਉਕਤ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਇਸ ਨੂੰ ਰੱਦ ਕਰਨ ਦੀ ਦੁਹਾਈ ਦਿਤੀ। ਇਸ ਮੌਕੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦਾ ਲੜਕਾ ਪ੍ਰਦੀਪ ਸਿੰਘ ਜਿਸਦੇ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ ਉਹ ਰਾਏਕੋਟ ਰੋਡ ’ਤੇ ਇੱਕ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਉਸ ਦੁਕਾਨ ’ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਮਾਮਲੇ ਦੇ ਸਬੰਧ ’ਚ ਜਿਸ ਦਿਨ ਲੜਕੀ ਘਰੋਂ ਭੱਜੀ ਸੀ, ਉਸ ਦਿਨ ਉਸ ਦਾ ਲੜਕਾ ਦੁਕਾਨ ’ਤੇ ਕੰਮ ਕਰ ਰਿਹਾ ਸੀ। ਜਿਸ ਦੀ ਸੀਸੀਟੀਵੀ ਫੁਟੇਜ ਵੀ ਉਸ ਨੇ ਪੁਲੀਸ ਨੂੰ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ ਉਸਦੇ ਲੜਕੇ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਵੀ ਚੈੱਕ ਕਰਨ ਲਈ ਕਿਹਾ। ਜਿਸ ਦਿਨ ਪੁਲਿਸ ਨੇ ਉਸਨੂੰ ਉਸਦੇ ਕੰਮ ਤੋਂ ਗ੍ਰਿਫਤਾਰ ਕੀਤਾ ਸੀ, ਉਸ ਦਿਨ ਵੀ ਲੜਕੀ ਉਸਦੇ ਨਾਲ ਨਹੀਂ ਸੀ। ਇਸ ਲਈ ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਲੜਕੇ ’ਤੇ ਦਰਜ ਕੀਤੇ ਝੂਠੇ ਕੇਸ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਜੇਕਰ ਉਨ੍ਹਾਂ ਕੋਲ ਕੋਈ ਤੱਥ ਹੈ ਤਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।