ਪੰਜਾਬ ’ਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਨਾਂ ’ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਣ ਦੇ ਦਿਨ ਤੋਂ ਹੀ ਰੋਜਾਨਾ ਕਿਸੇ ਨਾ ਕਿਸੇ ਸਿਆਸੀ ਨੇਤਾ, ਅਫਸਰਸ਼ਾਹੀ ਅਤੇ ਕਰਮਚਾਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਪਕੜਿਆ ਜਾ ਰਿਹਾ ਹੈ। ਹੁਣ ਪੰਜਾਬ ਦੇ ਵਿਜੀਲੈਂਸ ਵਿਭਾਗ ਵੱਲੋਂ ਇੱਕ ਨਵੀਂ ਮੁਹਿਮ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਆਮਦਨ ਤੋਂ ਵੱਧ ਜਾਇਦਾਦ ਸੰਬੰਧੀ ਮਾਮਲਿਆਂ ਦੀ ਜਾਂਚ ਪੜਤਾਲ ਖੋਲ੍ਹ ਦਿਤੀ ਗਈ ਹੈ। ਜਿਸਦੇ ਤਹਿਤ ਵੱਡੇ ਸਿਆਸੀ ਲੀਡਰਾਂ ਵੱਲੋਂ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ਦਾ ਪਰਦਾਫਾਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਪਹਿਲਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੁਣ ਸੁੰਦਰ ਸ਼ਾਮ ਅਰੋੜਾ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ। ਇਹ ਚੰਗੀ ਗੱਲ ਹੈ ਕਿ ਸਰਕਾਰ ਵੱਡੇ ਭ੍ਰਿਸ਼ਟਾਚਾਰੀਆਂ ’ਤੇ ਸ਼ਿਕੰਜਾ ਕੱਸਣ ਲਈ ਕੰਮ ਕਰ ਰਹੀ ਹੈ। ਹੁਣ ਇਥੇ ਵੱਡਾ ਸਵਾਲ ਇਹ ਹੈ ਕਿ ਪੰਜਾਬ ’ਚ ਅਜਿਹੇ ਹਜ਼ਾਰਾਂ ਅਧਿਕਾਰੀ ਅਤੇ ਸਿਆਸੀ ਵਿਅਕਤੀ ਹਨ। ਜਿਨ੍ਹਾਂ ਦੀ ਆਮਦਨ ਘੱਟ ਅਤੇ ਖਰਚਾ ਬਹੁਤ ਜ਼ਿਆਦਾ ਹੈ। ਇਥੋਂ ਤੱਕ ਕਿ ਲੱਖਾਂ ਦੀ ਗਿਣਤੀ ਵਿੱਚ ਅਜਿਹੇ ਪ੍ਰਾਈਵੇਟ ਵਿਅਕਤੀ ਹਨ, ਜਿਨ੍ਹਾਂ ਵਲੋਂ ਰਾਜਨੀਤਿਕ ਨੇਤਾਵਾਂ ਅਤੇ ਅਫਸਰਸ਼ਾਹੀ ਦੀ ਦਲਾਲੀ ਕਰ ਕੇ ਕਰੋੜਾਂ ਰੁਪਏ ਕਮਾਉਣ ਵਾਲੇ ਲੋਕ ਕਾਰੋਬਾਰੀ ਤੌਰ ਤੇ ਘੱਟ ਆਮਦਨੀ ਹੋਣ ਦੇ ਬਾਵਜੂਦ ਆਲੀਸ਼ਾਨ ਕੋਠੀਆਂ , ਮਹਿੰਗੀਆਂ ਗੱਡੀਆਂ ਨਾਸ ਸ਼ਾਹੀ ਠਾਠ ਨਾਲ ਜੀਵਨ ਬਤੀਤ ਕਰਨ ਵਾਲੇ ਮੌਜੂਦ ਹਨ। ਪੰਜਾਬ ਵਿੱਚ ਆਮ ਤੌਰ ’ਤੇ ਪੰਚਾਇਤ ਮੈਂਬਰ ਤੋਂ ਲੈ ਕੇ ਕਿਸੇ ਵੱਡੇ ਸਿਆਸੀ ਅਹੁਦੇ ਤੱਕ ਦੇ ਸਫ਼ਰ ’ਚ ਸ਼ਾਮਿਲ ਹੋਣ ਵਾਲੇ ਵਿਅਕਤੀ ਕੁਝ ਹੀ ਸਮੇਂ ਵਿਚ ਲੱਖਾਂ ਪਤੀ ਅਤੇ ਕਰੋੜਾਂ ਪਤੀ ਬਣ ਜਾਂਦੇ ਹਨ। ਰਾਜਨੀਤਿ ਵਿਚ ਆਉਂਦਿਆਂ ਹੀ ਅਚਾਨਕ ਉਨ੍ਹਾਂ ਦੀ ਕਮਾਈ ਵਿਚ ਚੋਖਾ ਮੁਨਾਫਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿੱਥੋਂ ਤੱਕ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਸਬੰਧ ਹੈ ਉਥੇ ਆਮਦਨੀ ਵਾਲਾ ਅੰਕੜਾ ਹੋਰ ਵੀ ਵਧ ਜਾਂਦਾ ਹੈ। ਹੁਣ ਉਹ ਆਮਦਨ ਸਰਕਾਰੀ ਤੌਰ ਤੇ ਮਿਲਣ ਵਾਲੀ ਤਨਖਾਹ ਨਾਲ ਤਾਂ ਨਹੀਂ ਵਧ ਸਕਦੀ, ਜਿਸਦਾ ਸਿੱਧਾ ਮਤਲਬ ਹੈ ਉਹ ਆਮਦਨੀ ਭ੍ਰਿਸ਼ਟਾਚਾਰ ਦੇ ਸਾਧਨਾ ਨਾਲ ਹੀ ਵਧਦੀ ਹੈ। ਮੌਜੂਦਾ ਸਮੇਂ ਅੰਦਰ ਰਾਜਨੀਤਿ ਨੂੰ ਇਕ ਸੇਵਾ ਵਜੋਂ ਨਹੀਂ ਸਗੋਂ ਆਉਣ ਵਾਲੀਆਂ ਸੱਤ ਪੀੜੀਆਂ ਤੱਕ ਦੀ ਰੋਟੀ ਦਾ ਜੁਗਾੜ ਮੰਨਿਆ ਜਾਂਦਾ ਹੈ। ਵਿਜੀਲੈਂਸ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਸਿਰਫ ਕੁਝ ਸਿਆਸੀ ਲੀਡਰਾਂ ਨੂੰ ਨਿਸ਼ਾਨਾ ਬਣਾ ਕੇ ਨਾ ਕੀਤੀ ਜਾਵੇ ਬਲਕਿ ਇਸਦਾ ਫੋਕਸ ਅਫਸਰਸ਼ਾਹੀ ਤੋਂ ਲੈ ਕੇ ਸਮਾਜਸੇਵਾ ਦੇ ਨਾਮ ਹੇਠ ਰਾਜਨੀਤਿਕ ਨੇਤਾਵਾਂ ਅਤੇ ਅਫਸਰਸ਼ਾਹੀ ਦੀ ਦਲਾਲੀ ਕਰਕੇ ਕਰੋੜਾਂ ਰੁਪਏ ਕਮਾਉਣ ਵਾਲੇ ਸਫੇਦਪੋਸ਼ਾਂ ਤੱਕ ਵੀ ਜਾਂਚ ਦੇ ਦਾਇਰੇ ਨੂੰ ਵਧਾਇਆ ਜਾਵੇ। ਜਦੋਂ ਜਾਂਚ ਦਾ ਦਾਇਰਾ ਵਧੇਗਾ ਤਾਂ ਬਹੁਤ ਸਾਰੇ ਸਿਆਸੀ ਲੀਡਰਾਂ ਅਏਤੇ Çਅਫਸਰਸ਼ਾਹੀ ਦੇ ਨਾਲ ਨਾਲ ਅਨੇਕਾਂ ਸਫੇਦਪੋਸ਼ ਸਾਹਮਣੇ ਆਉਣਗੇ ਜਿੰਨਾਂ ਪਾਸ ਵੱਡੀ ਤਦਾਦ ਵਿਚ ਬੇਨਾਮੀ ਜਾਇਦਾਦਾਂ ਵੀ ਮਿਲਣਗੀਆਂ। ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਉਣਗੇ ਕਿ ਕਿਸੇ ਬਹੁਤੀ ਅਫਸਰਸ਼ਾਹੀ ਆਪਣੀ ਤਨਖਾਹ ਦੇ ਪੈਸੇ ਨੂੰ ਛੇੜਦੀ ਵੀ ਨਹੀਂ ਹੈ ਅਤੇ ਸ਼ਾਹੀ ਠਾਠ ਬਹੁਤ ਹਨ। ਆਮਦਨ ਅਤੇ ਖਰਚੇ ਦੇ ਅੰਕੜਿਆਂ ’ਤੇ ਨਜ਼ਰ ਰੱਖੀਏ ਤਾਂ ਪੰਜਾਬ ’ਚ ਜ਼ਿਆਦਾਤਰ ਮੁਲਾਜ਼ਮ ਅਜਿਹੇ ਪਾਏ ਜਾਣਗੇ ਜੋ ਘੱਟ ਤਨਖਾਹ ਦੇ ਬਾਵਜੂਦ ਆਲੀਸ਼ਾਨ ਕਾਰਾਂ, ਕੋਠੀਆਂ ਅਤੇ ਜਾਇਦਾਦ ਦੇ ਮਾਲਕ ਹਨ। ਇਸ ਲਈ ਵਿਜੀਲੈਂਸ ਵਿਭਾਗ ਨੂੰ ਇਸ ਪਾਸੇ ਵੱਲ ਵੀ ਗੰਭੀਰਤਾ ਨਾਲ ਗੌਰ ਕਰਨ ਦੀ ਜਰੂਰਤ ਹੈ। ਇਸ ਤੋਂ ਇਲਾਵਾ ਤੀਜੇ ਵੱਡੇ ਕਾਡਰ ਉਹ ਲੋਕ ਜੋ ਸਿਆਸੀ ਅਤੇ ਅਫਸਰਸ਼ਾਹੀ ਦੀ ਦਲਾਲੀ ਕਰਦੇ ਹਨ ਉਹ ਅਸਲ ਵਿਚ ਵੱਡੇ ਗੁਨਾਹਗਾਰ ਹਨ ਅਤੇ ਭ੍ਰਿਸ਼ਟਾਚਾਰ ਰੂਪੀ ਵੱਡੀਆਂ ਜੋਕਾਂ ਹਨ। ਇਹ ਪੰਜਾਬ ਦੇ ਹਰ ਜ਼ਿਲ੍ਹੇ, ਸ਼ਹਿਰ ਅਤੇ ਪਿੰਡ ਵਿੱਚ ਮਿਲ ਜਾਣਗੀਆਂ। ਅਸਲ ਵਿੱਚ ਇਹ ਲੋਕ ਹੀ ਲੋਕਾਂ ਦਾ ਖੂਨ ਚੂਸਣ ਵਾਲੇ ਹਨ, ਜੋ ਲੋੜਵੰਦ ਵਿਅਕਤੀ ਤੋਂ ਕੰਮ ਕਰਵਾਉਣ ਦੇ ਨਾਮ ਹੇਠ ਅਫਰਸ਼ਾਹੀ ਅਤੇ ਲੀਡਰਸ਼ਿਪ ਦੇ ਨਾਂ ਤੇ ਪੈਸੇ ਬਟੋਰਦੇ ਹਨ। ਭ੍ਰਿਸ਼ਟਾਚਾਰ ਨਾਲ ਪੈਸਾ ਲੋਕਾਂ ਤੋਂ ਬਟੋਰ ਕੇ ਅੱਗੇ ਅਫਸਰਸ਼ਾਹੀ ਅਤੇ ਰਾਜਨੀਤਿਕ ਲੋਕਾਂ ਤੱਕ ਪਹੁੰਚਾਉਂਦੇ ਗਨ। ਜਿਸ ਵਿਚੋਂ ਵੱਡਾ ਹਿੱਸਾ ਆਪਣੇ ਪਾਸ ਰੱਖਦੇ ਹਨ। ਜੇਕਰ ਵਿਜੀਲੈਂਸ ਅਜਿਹੇ ਲੋਕਾਂ ਨੂੰ ਵੀ ਨਿਸ਼ਾਨੇ ਤੇ ਲੈਂਦੀ ਹੈ ਤਾਂ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਰਹੇਗਾ ਅਤੇ ਖਜ਼ਾਨਾ ਭਰ ਕੇ ਉੱਪਰ ਦੀ ਵਗਣ ਲੱਗੇਗਾ। ਉਸ ਪੈਸੇ ਨਾਲ ਸਰਕਾਰ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਸਕੇਗੀ।
ਹਰਵਿੰਦਰ ਸਿੰਘ ਸੱਗੂ।