ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ-ਮਾਣੂੰਕੇ
ਜਗਰਾਉਂ, 24 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਅਨਾਜ ਮੰਡੀ ਵਿੱਚ ਪਿਛਲੇ ਦਿਨਾਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਮਜ਼ਦੂਰਾਂ ਅਤੇ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਠੇਕੇਦਾਰ ਵੱਲੋਂ ਕਣਕ ਦੀ ਫਸਲ ਦੀ ਢੋਆ-ਢੁਆਈ ਲਈ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਦੋਸ਼ ਲਾਉਂਦਿਆਂ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਵਿੱਚ ਐਸਡੀਐਮ ਦਫ਼ਤਰ ਅੱਗੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਸਥਾਨਕ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਹੀ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਜਿਨ੍ਹਾਂ ਨੂੰ ਕਰੀਬ 5 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ ਸੀ, ਨੇ ਟਰੱਕ ਡਰਾਈਵਰਾਂ ਦੇ ਹੱਕ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਘੱਟ ਰੇਟ ’ਤੇ ਫਸਲ ਦੀ ਲੋਡਿੰਗ ਕਰਵਾਉਣ ਲਈ ਕਿਹਾ ਜਾ ਰਿਹਾ ਸੀ। ਪਰ ਉਹ ਟਰੱਕ ਡਰਾਈਵਰਾਂ ਦੇ ਹਿੱਤਾਂ ਲਈ ਉਨ੍ਹਾਂ ਦੇ ਖਿਲਾਫ ਨਹੀ ੰਜਾਣਾ ਚਾਹੁੰਦੇ ਸਨ । ਜਿਸ ਕਾਰਨ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਬੇਹਤਰ ਸਮਝਿਆ।
ਕੀ ਕਿਹਾ ਉਨ੍ਹਾਂ ਆਪਣੇ ਅਸਤੀਫੇ ਵਿਚ-ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਹੋਏ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਪੋਸਟ ਵਿਚ ਕਿਹਾ ਕਿ —
ਟਰੱਕ ਯੂਨੀਅਨ ਜਗਰਾਉਂ ਦੀ ਪ੍ਰਧਾਨਗੀ ਛੱਡਣ ਬਾਰੇ ਜਨਤਕ ਸੂਚਨਾ
ਪਿਆਰੇ ਦੋਸਤੋ ਅਤੇ ਟਰੱਕ ਯੂਨੀਅਨ ਜਗਰਾਉਂ ਨਾਲ ਜੁੜੇ ਸਮੂਹ ਟਰੱਕ ਆਪ੍ਰੇਟਰ ਭਰਾਵੋ ਤੁਹਾਡੇ ਸਨਮੁੱਖ ਇਕ ਬੇਨਤੀ ਕਰਨ ਲੱਗਾ ਹਾਂ। ਉਸ ਤੋਂ ਪਹਿਲਾਂ ਪ੍ਰਧਾਨ ਚੁਣ ਕੇ ਸੇਵਾ ਦਾ ਮੌਕਾ ਦੇਣ ਲਈ ਤੁਹਾਡਾ ਸਭਨਾਂ ਦਾ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦ।
ਅਸਲ ’ਚ ਪ੍ਰਧਾਨ ਬਣਨ ਵੇਲੇ ਦਿਲ ’ਚ ਕਈ ਫੁਰਨੇ ਸਨ। ਟਰੱਕ ਯੂਨੀਅਨ ਦੀ ਬਿਹਤਰੀ ਅਤੇ ਟਰੱਕ ਆਪ੍ਰੇਟਰਾਂ ਦੀ ਬਿਹਤਰ ਜ਼ਿੰਦਗੀ ਲਈ ਕਈ ਕੁਝ ਕਰਨਾ ਲੋਚਦਾ ਸਾਂ। ਪਰ ਹਾਲਾਤ ਕੁਝ ਅਜਿਹੇ ਬਣ ਗਏ ਹਨ ਕਿ ਮੈਂ ਟਰੱਕ ਯੂਨੀਅਨ ਅਤੇ ਟਰੱਕ ਆਪ੍ਰੇਟਰਾਂ ਦੇ ਹਿੱਤਾਂ ਦੇ ਉਲਟ ਨਹੀਂ ਜਾ ਸਕਦਾ। ਇਸ ਲਈ ਮੁਆਫ਼ੀ ਸਹਿਤ ਟਰੱਕ ਯੂਨੀਅਨ ਦੀ ਪ੍ਰਧਾਨਗੀ ਛੱਡਣ ਦਾ ਐਲਾਨ ਕਰਦਾ ਹਾਂ।
ਮਿਤੀ 23 ਅਪ੍ਰੈਲ 2023 ਤੋਂ ਬਾਅਦ ਮੈਂ ਟਰੱਕ ਯੂਨੀਅਨ ਦੇ ਪ੍ਰਧਾਨ ਵਜੋਂ ਕੰਮ ਨਹੀਂ ਕਰ ਸਕਾਂਗਾ।
ਧੰਨਵਾਦ ਸਹਿਤ
ਤੁਹਾਡਾ ਆਪਣਾ
ਪ੍ਰੀਤਮ ਸਿੰਘ ਅਖਾੜਾ
ਕੀ ਕਹਿਣਾ ਹੈ ਵਿਧਾਇਕ ਮਾਣੂੰਕੇ ਦਾ- ਇਸ ਸਬੰਧੀ ਹਲਕਾ ਜਗਰਾਉਂ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਆਮ ਆਦਮੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਟਰੱਕ ਡਰਾਈਵਰਾਂ ਵੱਲੋਂ ਸਰਬਸੰਮਤੀ ਨਾਲ ਪ੍ਰੀਤਮ ਸਿੰਘ ਅਖਾੜਾ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹੁਣ ਜੇਕਰ ਉਨ੍ਹਾਂ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਤਾਂ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ।