ਫਗਵਾੜਾ (ਲਿਕੇਸ ਸ਼ਰਮਾ – ਵਿਕਾਸ ਮਠਾੜੂ) 4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸ਼ਹਿਰ ਦੀ ਮਸ਼ਹੂਰ ਜੇਸੀਟੀ ਮਿੱਲ ਜੀਟੀ ਰੋਡ ਫਗਵਾੜਾ ਅੱਗੇ ਵਰਕਰਾਂ ਵੱਲੋਂ ਧਰਨਾ ਲਾ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਧਰਨਾਕਾਰੀਆਂ ਦੇ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਬੀਤੇ ਚਾਰ ਮਹੀਨਿਆਂ ਤੋਂ ਵਰਕਰਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਅਤੇ ਨਾ ਹੀ ਓਵਰ ਟਾਈਮ ਦਿੱਤੇ ਜਾ ਰਹੇ ਹਨ। ਇਸ ਕਾਰਨ ਉਨ੍ਹਾਂ ਵੱਲੋਂ ਆਪਣੇ ਘਰ ਚਲਾਉਣਾ ਬਹੁਤਾ ਅੌਖਾ ਹੋਇਆ ਹੈ। ਹੁਣ ਤੇ ਰਾਸ਼ਨ ਵਾਲੇ ਵੀ ਰਾਸ਼ਨ ਉਧਾਰ ਦੇਣ ਤੋਂ ਮਨ੍ਹਾ ਕਰ ਰਹੇ ਹਨ। ਸਕੂਲਾਂ ਵਾਲੇ ਬੱਚਿਆਂ ਦੀਆਂ ਫੀਸਾਂ ਮੰਗ ਰਹੇ ਹਨ। ਆਖਿਰਕਾਰ ਪਰੇਸ਼ਾਨ ਹੋ ਕੇ ਅੱਜ ਸਾਰੇ ਵਰਕਰਾਂ ਵੱਲੋਂ ਸਵੇਰ ਤੋਂ ਹੀ ਜੇਸੀਟੀ ਮਿੱਲ ਅੱਗੇ ਧਰਨਾ ਲਾ ਦਿੱਤਾ ਗਿਆ। ਮਿੱਲ ਪ੍ਰਬੰਧਕਾਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਉਹ ਬੇਸਿੱਟਾ ਰਹੀਆਂ। ਜੇਸੀਟੀ ਪ੍ਰਬੰਧਕ ਦੋ ਮਹੀਨਿਆਂ ਦੀ ਤਨਖਾਹ ਦੇਣ ਲਈ ਰਾਜ਼ੀ ਸਨ ਅਤੇ ਬਾਕੀ ਅਗਲੇ ਮਹੀਨਿਆਂ ਵਿਚ ਐਡਜਸਟ ਕਰਨ ਦੀ ਗੱਲ ਆਖ ਰਹੇ ਸਨ। ਜਦੋਂ ਸਾਰੇ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਕ ਸੁਰ ਵਿਚ ਕਿਹਾ ਕਿ ਉਨ੍ਹਾਂ ਨੂੰ ਸਾਰੀ ਤਨਖਾਹ, ਐਕਸਟਰਾ, ਓਵਰ ਟਾਈਮ ਤੇ ਲਿਖਤ ਵਿਚ ਦਿੱਤਾ ਜਾਵੇ ਕਿ ਹਰ ਮਹੀਨੇ ਤਨਖਾਹ ਇਕ ਤੋਂ ਦਸ ਤਰੀਕ ਦੇ ਵਿਚ ਤਨਖਾਹ ਮਿਲ ਜਾਇਆ ਕਰੇਗੀ। ਉਸ ਤੋਂ ਬਾਅਦ ਹੀ ਧਰਨਾ ਸਮਾਪਤ ਕੀਤਾ ਜਾਵੇਗਾ। ਸਵੇਰ ਤੋਂ ਲਗਾਤਾਰ ਸ਼ਾਮ ਸਾਢੇ ਪੰਜ ਵਜੇ ਤਕ ਧਰਨਾ ਜਾਰੀ ਰਿਹਾ। ਸਤਨਾਮ ਸਿੰਘ ਨੇ ਦੱਸਿਆ ਕਿ ਜਦ ਤਕ ਮੰਗਾਂ ਦਾ ਹਲ ਕੱਿਢਆ ਜਾਂਦਾ, ਉਹ ਰੋਜ਼ਾਨਾ ਮਿੱਲ ਦੇ ਗੇਟ ਅੱਗੇ ਹੀ ਬੈਠ ਕੇ ਧਰਨਾ ਲਾਉਂਦੇ ਰਹਿਣਗੇ।ਇਕ ਮਹੀਨੇ ਦੀ ਤਨਖਾਹ ਦਿੱਤੀ, ਬਾਕੀ ਅਦਾਇਗੀ ਵੀ ਜਲਦ : ਏਜੀਐੱਮ
ਜਦੋਂ ਇਸ ਸਬੰਧੀ ਜੇਸੀਟੀ ਮਿੱਲ ਦੇ ਏਜੀਐੱਮ ਲਲਿਤ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਰੇ ਜੇਸੀਟੀ ਮਿੱਲ ਦੇ ਵਰਕਰਾਂ ਦੀ ਇਕ ਮਹੀਨੇ ਦੀ ਤਨਖਾਹ ਬੈਂਕ ਖਾਤਿਆਂ ਵਿਚ ਪਾ ਦਿੱਤੀ ਹੈ ਅਤੇ ਬਹੁਤ ਜਲਦ ਬਾਕੀ ਤਨਖਾਹ ਵੀ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ।
———–
ਧਰਨਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਜਾਰੀ : ਪ੍ਰਧਾਨ ਪਾਂਡੇ
ਜਦੋਂ ਇਸ ਸਬੰਧੀ ਇੰਟਕ ਯੂਨੀਅਨ ਦੇ ਪ੍ਰਧਾਨ ਸੁਨੀਲ ਪਾਂਡੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਿੱਲ ਪ੍ਰਬੰਧਕਾਂ ਅਤੇ ਧਰਨਾਕਾਰੀਆਂ ਨੂੰ ਮਿਲਾ ਕੇ ਫੈਸਲਾ ਕਰਵਾਇਆ ਕਿ ਦੋ ਮਹੀਨੇ ਦੀ ਤਨਖਾਹ ਵਰਕਰਾਂ ਨੂੰ ਦੇ ਦਿੱਤੀ ਜਾਵੇ ਅਤੇ ਬਾਕੀ ਅਗਲੇ ਦਿਨਾਂ ਵਿਚ ਦਿੱਤੀ ਜਾਵੇਗੀ ਪਰ ਇਸ ਦੇ ਬਾਵਜੂਦ ਵੀ ਧਰਨਾਕਾਰੀ ਨਹੀਂ ਮੰਨੇ। ਉਨ੍ਹਾਂ ਵੱਲੋਂ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਧਰਨਾ ਖਤਮ ਕਰਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਹੈ।
