ਫਰੀਦਕੋਟ 11 ਅਕਤੂਬਰ (ਵਿਕਾਸ ਮਠਾੜੂ) : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਫਰੀਦਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਜਿਨ੍ਹਾਂ ਬੱਚਿਆਂ ਨੇ 12ਵੀਂ ਜਮਾਤ ਜਾਂ ਇਸ ਦੇ ਬਰਾਬਰ ਦਾ ਕੋਰਸ ਜਾਂ ਗਰੈਜੂਏਸ਼ਨ ਘੱਟੋ ਘੱਟ 60 ਪ੍ਰਤੀਸ਼ਤ ਨੰਬਰਾਂ (ਹਰੇਕ ਵਿਸ਼ੇ ਵਿੱਚ) ਨਾਲ ਪਾਸ ਕੀਤਾ ਹੈ ਅਤੇ ਕੇਂਦਰੀਆ ਸੈਨਿਕ ਬੋਰਡ ਨਵੀਂ ਦਿੱਲੀ ਦੀ ਵੈਬਸਾਈਟ www.ksb.gov.in ਦੇ ਪੀ.ਐਮ.ਐਸ.ਐਸ.- ਜਨਰਲ ਇੰਨਫਰਮੇਸ਼ਨ- ਯੋਗ ਕੋਰਸਿਸ ਲਿੰਕ ਵਿੱਚ ਦਰਸਾਏ ਕਿਸੇ ਕੋਰਸ ਵਿੱਚ ਅਕਾਦਮਿਕ ਸਾਲ 2023-24 ਦੌਰਾਨ ਪਹਿਲੇ ਸਾਲ ਵਿੱਚ ਦਾਖਲਾ ਲਿਆ ਹੈ, ਉਹ ਪ੍ਰਧਾਨ ਮੰਤਰੀ ਵਜ਼ੀਫਾ ਸਕੀਮ ਅਧੀਨ ਵਜ਼ੀਫਾ ਲੈਣ ਲਈ ਅਪਲਾਈ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਇਹ ਲਾਭ ਪੂਰੇ ਭਾਰਤ ਵਿੱਚੋਂ ਕੇਵਲ 2750 ਲੜਕਿਆਂ ਅਤੇ 2750 ਲੜਕੀਆਂ ਨੂੰ ਮੈਰਿਟ ਦੇ ਆਧਾਰ ਤੇ ਮਿਲੇਗਾ। ਵਜ਼ੀਫੇ ਲਈ ਚੁਣੇ ਜਾਣ ਤੇ ਇਸ ਸਕੀਮ ਤਹਿਤ ਲੜਕੀਆਂ ਲਈ 3,000 ਰੁਪਏ ਪ੍ਰਤੀ ਮਹੀਨਾ ਅਤੇ ਲੜਕਿਆਂ ਲਈ 2,500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਮਿਲੇਗਾ, ਬਸ਼ਰਤੇ ਕਿ ਉਹ ਬਾਕੀ ਸ਼ਰਤਾਂ ਪੂਰੀਆਂ ਕਰਦਾ ਹੋਵੇ। ਉਨ੍ਹਾਂ ਦੱਸਿਆ ਕਿ ਪੂਰੀਆਂ ਹਦਾਇਤਾਂ ਉਕਤ ਵੈਬਸਾਈਟ ਤੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਵਜ਼ੀਫਾ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਸਾਬਕਾ ਸੈਨਿਕ/ ਆਸ਼ਰਿਤ ਵੱਲੋਂ ਪਹਿਲਾਂ ਆਪਣੇ ਦਸਤਾਵੇਜ਼ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਚੈੱਕ ਕਰਵਾਏ ਜਾਣ। ਅਪਲਾਈ ਕਰਨ ਦੀ ਆਖਰੀ ਮਿਤੀ 30 ਨਵੰਬਰ 2023 ਹੈ। ਇਸ ਤੋਂ ਬਾਅਦ ਪ੍ਰਾਪਤ ਹੋਏ ਕੇਸਾਂ ਤੇ ਕੇਂਦਰੀਆ ਸੈਨਿਕ ਬੋਰਡ, ਨਵੀਂ ਦਿੱਲੀ ਵੱਲੋਂ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।