ਅੰਮ੍ਰਿਤਸਰ, 15 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-: ਅੰਮ੍ਰਿਤਸਰ ਦੇ ਵੱਲਾ ਰੋਡ ‘ਤੇ ਗੁਮਟਾਲਾ ਤੋਂ ਹੁਸ਼ਿਆਰਪੁਰ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਦੇ ਹੀ ਟਰੱਕ ਡਰਾਈਵਰ ਨੇ ਟਰੱਕ ਨੂੰ ਸਾਈਡ ‘ਤੇ ਰੋਕ ਕੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ,ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਵੱਲਾ ਰੋਡ ‘ਤੇ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਡਰਾਈਵਰ ਨੇ ਤੁਰੰਤ ਟਰੱਕ ਨੂੰ ਸਾਈਡ ‘ਤੇ ਖੜ੍ਹਾ ਕਰ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਟਰੱਕ ਦੇ ਇੰਜਣ ਨੂੰ ਅੱਗ ਲੱਗਦੀ ਦੇਖ ਕੇ ਡਰਾਈਵਰ ਨੇ ਟਰੱਕ ਵਿਚੋਂ ਛਾਲ ਮਾਰ ਦਿੱਤੀ ਪਰ ਖੁਸ਼ਕਿਸਮਤੀ ਨਾਲ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।ਉਨ੍ਹਾਂ ਦੱਸਿਆ ਕਿ ਟਰੱਕ ਨੂੰ ਤਕਨੀਕੀ ਖ਼ਰਾਬੀ ਕਾਰਨ ਅੱਗ ਲੱਗ ਗਈ ਪਰ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।
