ਭਗਵਾਨ ਭੰਗੂ, ਲਿਕੇਸ਼ ਸ਼ਰਮਾਂ
ਜਗਰਾਉਂ- ਸ਼ਨੀਵਾਰ ਦੇਰ ਰਾਤ ਮਾਮੂਲੀ ਤਕਰਾਰ ਤੋਂ ਬਾਅਦ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਕੁਝ ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੇ ਪ੍ਰਸਿੱਧ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਬਾਬਾ ਨੰਦ ਸਿੰਘ ਜੀ ਦੀ ਬਰਸੀ ਸਬੰਧੀ ਸਮਾਗਮ ਚੱਲ ਰਹੇ ਹਨ। ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਸੰਗਤਾਂ ਮੱਥਾ ਟੇਕਣ ਲਈ ਪਹੁੰਚਦੀਆਂ ਹਨ। ਗੁਰਦੁਆਰਾ ਜਗਰਾਓਂ ਇਲਾਕੇ ਵਿੱਚ ਹੋਣ ਕਾਰਨ ਇੱਥੋਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਬਰਸੀ ਸਮਾਗਮਾਂ ਤੋਂ ਪਹਿਲਾਂ ਹੀ ਉੱਥੇ ਸੇਵਾ ਲਈ ਜਾਣਾ ਸ਼ੁਰੂ ਕਰ ਦਿੰਦੇ ਹਨ। ਜਿਸ ਤਹਿਤ ਸ਼ਨੀਵਾਰ ਨੂੰ ਪਿੰਡ ਕਮਾਲਪੁਰਾ ਤੋਂ ਸੰਗਤਾਂ ਦੀ ਟਰਾਲੀ ਨਾਨਕਸਰ ਲਈ ਰਵਾਨਾ ਹੋਈ। ਜਿਸ ਵਿੱਚ ਸਵਾਰ ਸੰਗਤ ਵਿੱਚ 22 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਮਾਲਪੁਰਾ ਵੀ ਸ਼ਾਮਲ ਸੀ। ਜਦੋਂ ਉਹ ਰਾਤ 11.30 ਵਜੇ ਦੇ ਕਰੀਬ ਜੀ.ਟੀ ਰੋਡ ਤੋਂ ਜਗਰਾਉਂ ਤੋਂ ਕਮਾਲਪੁਰਾ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੂਮੀ ਵੀ ਆਪਣੀ ਟਰਾਲੀ ਵਿੱਚ ਸੰਗਤ ਨੂੰ ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕਾ ਕੇ ਵਾਪਸ ਆ ਰਿਹਾ ਸੀ। ਦੋਵੇਂ ਟਰਾਲੀ ਚਾਲਕ ਕਦੇ ਇੱਕ ਦੂਜੇ ਤੋਂ ਅੱਗੇ ਤੇ ਕਦੇ ਇੱਕ ਦੂਜੇ ਦੇ ਪਿੱਛੇ ਆ ਜਾ ਰਹੇ ਸਨ। ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਿਆ। ਗੁਰਪ੍ਰੀਤ ਸਿੰਘ ਰੂਮੀ ਨੇ ਰਾਏਕੋਟ ਰੋਡ ‘ਤੇ ਪੈਂਦੇ ਮੁਹੱਲਾ ਗਾਂਧੀ ਨਗਰ ਨੇੜੇ ਪਿੰਡ ਕਮਾਲਪੁਰ ਦੀ ਟਰਾਲੀ ਅੱਗੇ ਆਪਣੀ ਟਰੈਕਟਰ ਟਰਾਲੀ ਲਗਾ ਕੇ ਉਨ੍ਹਾਂ ਦਾ ਟਰੈਕਟਰ ਰੋਕ ਲਿਆ | ਉਥੇ ਹੀ ਤੈਸ਼ ‘ਚ ਆ ਕੇ ਗੁਰਪ੍ਰੀਤ ਸਿੰਘ ਰੂਮੀ ਨੇ ਲਵਪ੍ਰੀਤ ਸਿੰਘ ਦੇ ਸਿਰ ਦੇ ਪਿਛਲੇ ਹਿੱਸੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਹ ਸਥਿਤੀ ਦੇਖ ਕੇ ਲਵਪਰੀਤ ਨਾਲ ਟਰਾਲੀ ਵਿੱਚ ਉਸ ਦੇ ਨਾਲ ਬੈਠੇ ਲੋਕ ਉਥੋਂ ਭੱਜ ਗਏ ਅਤੇ ਲਵਪ੍ਰੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਟਰਾਲੀ ਵਿੱਚ ਬੈਠੇ ਲੋਕਾਂ ਨਾਲ ਉਥੋਂ ਲਵਪਰੀਤ ਨੂੰ ਉਸੇ ਹਾਲਤ ਵਿੱਚ ਛੱਡ ਕੇ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਲਵਪ੍ਰੀਤ ਦੇ ਨਾਲ ਮੌਜੂਦ ਲੋਕਾਂ ਨੇ ਆਪਣੇ ਪਿੰਡ ਵਿੱਚ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਥੋਂ ਲਵਪ੍ਰੀਤ ਸਿੰਘ ਦੇ ਚਾਚਾ ਪਰਮਜੀਤ ਸਿੰਘ ਤੇ ਹੋਰਾਂ ਨੇ ਮੌਕੇ ’ਤੇ ਪਹੁੰਚ ਕੇ ਬੁਰੀ ਤਰ੍ਹਾਂ ਜ਼ਖਮੀ ਲਵਪ੍ਰੀਤ ਸਿੰਘ ਨੂੰ ਲੁਧਿਆਣਾ ਦਯਾਨੰਦ ਹਸਪਤਾਲ ਪਹੁੰਚਾਇਆ। ਪਰ ਉਥੇ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਚਾਚਾ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੂਮੀ ਖ਼ਿਲਾਫ਼ ਥਾਣਾ ਜਗਰਾਓ ਵਿੱਚ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਤਲ ਲਈ ਵਰਤਿਆ ਗਿਆ ਹਥਿਆਰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲੈ ਕੇ ਬਰਾਮਦ ਕੀਤਾ ਜਾਵੇਗਾ।
