Home crime ਸਲਫਾਸ ਖਾਣ ਨਾਲ ਕਬੱਡੀ ਖਿਡਾਰੀ ਦੀ ਮੌਤ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ...

ਸਲਫਾਸ ਖਾਣ ਨਾਲ ਕਬੱਡੀ ਖਿਡਾਰੀ ਦੀ ਮੌਤ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ ਕੀਤਾ ਥਾਣੇ ਦਾ ਘਿਰਾਓ

45
0


ਦਰਜ ਐਫਆਈਆਰ ਵਿੱਚ ਸਹੀ ਤੱਥ ਛੁਪਾਉਣ ਦੇ ਦੋਸ਼
ਜਗਰਾਓਂ, 14 ਸਤੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )- ਬੁੱਧਵਾਰ ਦੁਪਹਿਰ ਨੂੰ ਪ੍ਰੇਮਿਕਾ ਵੱਲੋਂ ਪ੍ਰਤਾੜਿਤ ਕਰਨ ਤੇੇ ਕਬੱਡੀ ਖਿਡਾਰੀ ਦੀ ਸਲਫਾਸ ਦੀਆਂ ਗੋਲੀਆਂ ਨਿਗਲਣ ਕਾਰਨ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਵਾਲੇ ਵਾਰਡ ਦੇ ਕੌਂਸਲਰ ਹਿਮਾਂਸ਼ੂ ਮਲਿਕ ਨੂੰ ਨਾਲ ਲੈ ਕੇ ਥਾਣੇ ਪੁੱਜੇ, ਕਬੱਡੀ ਖਿਡਾਰੀ ਨੂੰ ਮਰਨ ਲਈ ਮਜਬੂਰ ਕਰਨ ਵਾਲੀ ਲੜਕੀ ਅਤੇ ਉਸ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਜਿਸ ’ਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ’ਤੇ ਲੜਕੀ ਅਮਰਜੀਤ ਕੌਰ ਉਰਫ ਨੇਹਾ ਅਤੇ ਉਸ ਦੀ ਮਾਂ ਸੁਨੀਤਾ ਵਾਸੀ ਵੱਡਾ ਗੁਰਦੁਆਰਾ ਸਾਹਿਬ ਵਿਰਕ ਥਾਣਾ ਸਰਾਭਾ ਨਗਰ ਲੁਧਿਆਣਾ ਦੇ ਖਿਲਾਫ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਉਸ ਸਮੇਂ ਪਰਿਵਾਰਕ ਮੈਂਬਰ ਪੁਲੀਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਕੇ ਚਲੇ ਗਏ ਸਨ ਪਰ ਵੀਰਵਾਰ ਨੂੰ ਜਦੋਂ ਉਨ੍ਹਾਂ ਨੂੰ ਐਫਆਈਆਰ ਦੀ ਕਾਪੀ ਮਿਲੀ ਤਾਂ ਪਰਿਵਾਰ ਨੇ ਪੁਲੀਸ ’ਤੇ ਅਸਲ ਤੱਥਾਂ ਨੂੰ ਛੁਪਾਉਣ ਦਾ ਦੋਸ਼ ਲਾਇਆ ਅਤੇ ਵਾਰਡ ਦੇ ਕੌਂਸਲਰ ਹਿਮਾਂਸ਼ੂ ਮਲਿਕ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਸਮੇਤ ਹੋਰ ਪਤਵੰਤੇ ਸੱਜਣਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨਾਲ ਪਹੁੰਚ ਕੇ ਥਾਣੇ ਦਾ ਘਿਰਾਓ ਕੀਤਾ।  ਮੌਕੇ ’ਤੇ ਮੌਜੂਦ ਮ੍ਰਿਤਕ ਕਬੱਡੀ ਖਿਡਾਰੀ ਪ੍ਰਦੀਪ ਸਿੰਘ ਦੇ ਪਿਤਾ ਸਰਵਣ ਸਿੰਘ ਨੇ ਦੱਸਿਆ ਕਿ 11 ਸਤੰਬਰ ਨੂੰ ਅਮਰਜੀਤ ਕੌਰ ਉਰਫ਼ ਨੇਹਾ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਲੈ ਕੇ ਸਾਡੇ ਘਰ ਆਈ ਸੀ ਤਾਂ ਉਸਨੇ ਸਿੱਧੇ ਪ੍ਰਦੀਪ ਸਿੰਘ ਨੂੰ ਆਪਣੇ ਨਾਲ ਆਉਣ ਲਈ ਕਿਹਾ ਅਤੇ ਇਸ ਧਮਕੀ ਦਿਤੀ ਕਿ ਜੇਕਰ ਉਹ ਉਸਦੇ ਨਾਲ ਨਹੀਂ ਗਿਆ ਤਾਂ ਉਹ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਲੈ ਕੇ ਆਈ ਹੈ ਅਤੇ ਇੱਥੇ ਹੀ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਮਰ ਜਾਵੇਗੀ। ਉਸ ਮੌਕੇ ਉਹ ਪ੍ਰਦੀਪ ਸਿੰਘ ਨੂੰ ਆਪਣੇ ਨਾਲ ਲੈ ਗਈ ਸੀ।  ਇਸ ਤੋਂ ਬਾਅਦ ਉਹ ਥਾਣਾ ਸਿਟੀ ਵਿਖੇ ਪਹੁੰਚੇ ਅਤੇ ਅਮਰਜੀਤ ਕੌਰ ਵੱਲੋਂ ਉਸ ਨੂੰ ਧਮਕੀਆਂ ਦੇਣ ਅਤੇ ਪ੍ਰਦੀਪ ਸਿੰਘ ਨੂੰ ਅਗਵਾ ਕਰਨ ਦੀ ਰਿਪੋਰਟ ਦਰਜ ਕਰਵਾਈ, ਜਿਸ ਨੂੰ ਪੁਲੀਸ ਨੇ ਆਪਣੇ ਰਿਕਾਰਡ ਵਿੱਚ ਦਰਜ ਨਹੀਂ ਕੀਤਾ। ਅਗਲੇ ਦਿਨ 12 ਸਤੰਬਰ ਨੂੰ ਜਦੋਂ ਅਮਰਜੀਤ ਕੌਰ ਉਰਫ਼ ਨੇਹਾ ਆਪਣੀ ਮਾਂ ਅਤੇ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਪ੍ਰਦੀਪ ਸਿੰਘ ਥਾਣਾ ਸਿਟੀ ਵਿਖੇ ਪਹੁੰਚੀ ਤਾਂ ਅਸੀਂ ਵੀ ਪ੍ਰਦੀਪ ਸਿੰਘ ਦੇ ਨਾਲ ਉੱਥੇ ਗਏ ਹੋਏ ਸੀ।  ਅਮਰਜੀਤ ਕੌਰ ਉਰਫ ਨੇਹਾ ਅਤੇ ਉਸ ਦੀ ਮਾਂ ਸੁਨੀਤਾ ਵੱਲੋਂ ਥਾਣੇ ਵਿੱਚ ਪ੍ਰਦੀਪ ਸਿੰਘ ਨੂੰ ਜ਼ਲੀਲ ਕੀਤਾ ਗਿਆ ਅਤੇ ਥੱਪੜ ਮਾਰ ਦਿੱਤਾ ਗਿਆ। ਉਸਤੋਂ ਬਾਅਦ ਉਹ ਉਛੋਂ ਧਮਕੀਆਂ ਦਿੰਦੇ ਹੋਏ ਚਲੇ ਗਏ। ਇਸ ਬੇਇੱਜ਼ਤੀ ਕਾਰਨ ਪ੍ਰਦੀਪ ਸਿੰਘ ਨੇ ਅਮਰਜੀਤ ਕੌਰ ਨੇਹਾ ਵੱਲੋਂ ਦਿੱਤੀਆਂ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਅਤੇ ਉਸ ਦੀ ਮੌਤ ਹੋ ਗਈ।  ਉਨ੍ਹਾਂ ਕੋਲ ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ , ਜਿਸ ਵਿਚ ਨੇਹਾ ਸਲਫਾਸ ਦੀਆਂ ਗੋਲੀਆਂ ਲੈ ਕੇ ਉਨ੍ਹਾਂ ਦੇ ਘਰ ਆਈ ਸੀ ਅਤੇ ਲੜਾਈ-ਝਗੜਾ ਹੋਇਆ ਸੀ ਅਤੇ ਥਾਣੇ ਵਿਚ ਪ੍ਰਦੀਪ ਸਿੰਘ ਦੀ ਕੁੱਟਮਾਰ ਹੋਣ ਦੀ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ। ਇਸ ਸਭ ਦੇ ਬਾਵਜੂਦ ਪੁਲਿਸ ਨੇ ਅਸਲ ਤੱਥਾਂ ਨੂੰ ਛੁਪਾਉਂਦੇ ਹੋਏ ਐਫ.ਆਈ.ਆਰ. ਵਿੱਚ ਦਰਜ ਕੀਤਾ ਕਿ ਅਮਰਜੀਤ ਕੌਰ ਉਰਫ਼ ਨੇਹਾ ਦੀ ਮਾਂ ਵੱਲੋਂ ਪ੍ਰਦੀਪ ਸਿੰਘ ਨੂੰ ਜੋ ਥੱਪੜ ਮਾਰਿਆ ਗਿਆ ਸੀ, ਉਹ ਥਾਣੇ ਦੇ ਬਾਹਰ ਹੀ ਸੀ ਅਤੇ ਉਨ੍ਹਾਂ ਦਾ ਬਾਹਰ ਹੀ ਸਮਝੌਤਾ ਹੋਇਆ ਸੀ ਅਤੇ ਸਲਫਾਸ ਦੀਆਂ ਗੋਲੀਆਂ ਪ੍ਰਦੀਪ ਨੇ ਜੋ ਉਸਦੇ ਘਰ ਵਿਚ ਸਨ ਉਹ ਖਾ ਲਈਆਂ ਸਨ। ਅਜਿਹਾ ਕਰਕੇ ਪੁਲੀਸ ਨੇ ਮੁਲਜ਼ਮਾਂ ਨਾਲ ਹਮਦਰਦੀ ਦਿਖਾਈ ਹੈ।  ਇਸ ’ਤੇ ਗੁੱਸਾ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਥਾਣੇ ਪਹੁੰਚ ਕੇ ਪ੍ਰਦਰਸ਼ਨ ਕਰਨਾ ਪਿਆ।  ਮੌਕੇ ’ਤੇ ਪਹੁੰਚੀ ਪੁਲਿਸ ਨੇ ਸਾਰਿਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਸਹੀ ਤੱਥਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਤਰਮੀਮਾ ਬਿਆਨ ਦਰਜ ਕੀਤੇ ਗਏ, ਜਿਸ ਤੋਂ ਬਾਅਦ ਉਹ ਆਪਣਾ ਧਰਨਾ ਸਮਾਪਤ ਕਰਕੇ ਘਰ ਪਹੁੰਚੇ  ਅਤੇ ਪ੍ਰਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ।

LEAVE A REPLY

Please enter your comment!
Please enter your name here