ਮੋਗਾ, 19 ਅਕਤੂਬਰ: ( ਕੁਲਵਿੰਦਰ ਸਿੰਘ) –
ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਾਜ ਸਿੰਘ ਦੀ ਅਗਵਾਈ ਹੇਠ ਪਿੰਡ ਚੁੱਘਾ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਿਸਾਨ ਬੇਲੋੜੀਆਂ ਖਾਦਾਂ ਸਪਰੇਆਂ ਦੀ ਵਰਤੋਂ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਸਮੇਂ ਬੀਜ ਸੋਧਣ ਬਾਰੇ ਦੱਸਿਆ। ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਦਿਆਂ ਕਿਹਾ ਕਿ ਜਿੱਥੇ ਪਰਾਲੀ ਸਾੜਨ ਨਾਲ ਮਨੁੱਖੀ ਸਿਹਤ ਉੱਪਰ ਬੁਰਾ ਅਸਰ ਪੈਂਦਾ ਹੈ ਉੱਥੇ ਹੀ ਸਾਡੀ ਜ਼ਮੀਨ ਵਿੱਚ ਮੌਜੂਦ ਮਿੱਤਰ ਕੀੜੇ ਮਰ ਜਾਂਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਸੁਪਰਸੀਡਰ, ਹੈਪੀਸੀਡਰ, ਬੇਲਰ, ਮਲਚਰ ਅਤੇ ਪਲੋਅ ਵਰਗੀਆਂ ਮਸ਼ੀਨਾਂ ਦੀ ਵਰਤੋਂ ਨਾਲ ਪਰਾਲੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਿਸਾਨ ਵੀਰ ਸਰਕਾਰ ਵੱਲੋਂ ਸੁਸਾਇਟੀਆਂ ਵਿੱਚ ਸਬਸਿਡੀ ਤੇ ਦਿੱਤੀ ਗਈ ਮਸ਼ੀਨਰੀ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਪਰਾਲੀ ਪ੍ਰਬੰਧਨ ਕਰਨ ਵਾਲੇ ਸਫ਼ਲ ਕਿਸਾਨਾਂ ਬਾਰੇ ਕੈਂਪ ਵਿੱਚ ਦੱਸਿਆ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਮਸ਼ੀਨਰੀ ਕਿਰਾਏ ‘ਤੇ ਲੈਣ ਸਬੰਧੀ ਕਿਸਾਨਾਂ ਨੂੰ ਆਈ-ਖੇਤ ਐਪ ਬਾਰੇ ਦੱਸਿਆ। ਇਸ ਮੌਕੇ ਸੰਤਾ ਸਿੰਘ, ਗੁਰਚਰਨ ਸਿੰਘ ਮੱਲੀ, ਚਮਕੌਰ ਸਿੰਘ, ਪਰਮਜੀਤ ਸਿੰਘ, ਜਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ