ਢੁੱਡੀਕੇ (ਮੋਗਾ) 19 ਅਕਤੂਬਰ: ( ਕੁਲਵਿੰਦਰ ਸਿੰਘ) –
ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਸਰਕਾਰੀ ਸਕੂਲ ਚੂਹੜਚੱਕ ਦੀ ਵਿਦਿਆਰਥਣ ਦੇ ਦਿਲ ਦਾ ਮੁਫ਼ਤ ਅਪ੍ਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ ਤੋਂ ਸਫਲਤਾਪੂਰਵਕ ਕਰਵਾਇਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਰਕਾਰੀ ਸਕੂਲ ਚੂਹੜਚੱਕ ਦੀ ਬਾਰਾਂ ਸਾਲਾਂ ਦੀ ਇੱਕ ਵਿਦਿਆਰਥਣ ਕਰਮਜੀਤ ਕੌਰ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸਦਾ ਪਰਿਵਾਰ ਗਰੀਬ ਹੋਣ ਕਾਰਣ ਇਸਦਾ ਅਪ੍ਰੇਸ਼ਨ ਨਹੀਂ ਕਰਵਾ ਸਕਦਾ। ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿਵਲ ਸਰਜਨ ਮੋਗਾ ਡਾ. ਐਸ.ਪੀ.ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਵਿਦਿਆਰਥੀ ਦੇ ਦਿਲ ਦਾ ਆਪ੍ਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਫੋਰਟਿਸ ਹਸਪਤਾਲ ਮੁਹਾਲੀ ਤੋਂ ਬਿਲਕੁਲ ਮੁਫ਼ਤ ਸਫਲਤਾਪੂਰਵਕ ਕਰਵਾਇਆ ਗਿਆ ਹੈ। ਇਹ ਅਪ੍ਰੇਸ਼ਨ ਕਰਵਾਉਣ ਵਿੱਚ ਪਿੰਡ ਚੂਹੜਚੱਕ ਦੀ ਪੰਚਾਇਤ ਅਤੇ ਚੂਹੜਚੱਕ ਦੀ ਸਮਾਜ ਸੇਵੀ ਸੰਸਥਾ ਟੀਮ ਸੇਵਾਦਾਰ ਦੇ ਮੈਂਬਰ ਕੁਲਵਿੰਦਰ ਸਿੰਘ, ਸੰਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਸਹਿਯੋਗ ਕੀਤਾ ਗਿਆ ।
ਬੀਤੇ ਦਿਨ ਸਿਵਲ ਹਸਪਤਾਲ ਢੁਡੀਕੇ ਦੇ ਐਸ.ਐਮ.ੳ. ਡਾ. ਸੁਰਿੰਦਰ ਸਿੰਘ, ਬਲਾਕ ਐਜੂਕੇਟਰ ਲਖਵਿੰਦਰ ਸਿੰਘ, ਸੀਨੀਅਰ ਫਾਰਮੇਸੀ ਅਫਸਰ ਰਾਜ ਕੁਮਾਰ, ਡਾ. ਸਿਮਰਪਾਲ ਸਿੰਘ ਅਤੇ ਸਟਾਫ ਨਰਸ ਜਸਵੀਰ ਕੌਰ ਨੇ ਵਿਦਿਆਰਥਣ ਦਾ ਅਪਰੇਸ਼ਨ ਉਪਰੰਤ ਘਰ ਜਾ ਕੇ ਹਾਲ ਚਾਲ ਪਤਾ ਕੀਤਾ। ਮੈਡੀਕਲ ਟੀਮ ਨੇ ਵਿਦਿਆਰਥਣ ਕਰਮਜੀਤ ਕੌਰ ਦੇ ਪਿਤਾ ਹਰੀ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੂੰ ਇੰਨਫੈਕਸ਼ਨ ਤੋਂ ਬਚਾਅ ਲਈ ਦਸਤਾਨੇ, ਮਾਸਕ ਅਤੇ ਸੇਨੀਟਾਈਜਰ ਦਿੱਤਾ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਢੁੱਡੀਕੇ ਨਾਲ ਸੰਪਰਕ ਕੀਤਾ ਜਾਵੇ, ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਾਕਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ ।
ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ । ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ ।
