ਜਿਲੇ ਵਿੱਚ ਹੁਣ ਤੱਕ 20 ਡੇੰਗੂ ਮਰੀਜ ਰਿਪੋਰਟ ਹੋਏ।
ਫ੍ਰਾਈਡੇ ਡ੍ਰਾਈਡੇ ਮੁਹਿੰਮ ਅਧੀਨ 510 ਘਰਾਂ ਦੀ ਜਾਂਚ, 7 ਚਲਾਨ ਕੱਟੇ ਗਏ
ਮੋਗਾ 21 ਅਕਤੂਬਰ ( ਕੁਲਵਿੰਦਰ ਸਿੰਘ ) : ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਦੀਵਾਲੀ ਦੀਆਂ ਸਫਾਈਆਂ ਕਰਦੇ ਸਮੇਂ ਆਪਣੇ ਪਰਿਵਾਰ ਨੂੰ ਡੇਂਗੂ ਤੋਂ ਸੁਰੱਖਿਅਤ ਕਰਨ ਲਈ ਸਾਫ ਪਾਣੀ ਵਾਲੇ ਸਰੋਤਾਂ ਦੀ ਸਫਾਈ ਨੂੰ ਵੀ ਯਕੀਨੀ ਬਨਾਉਣ ਅਤੇ ਘਰਾਂ ਦੀਆਂ ਛੱਤਾਂ ਅਤੇ ਨਾਲ ਲੱਗਦੇ ਖਾਲੀ ਪਲਾਟਾਂ ਵਿੱਚ ਵੀ ਨਿਗਾ ਜਰੂਰ ਮਾਰਨ ਕਿਉਂਕਿ ਇਨ੍ਹਾਂ ਥਾਵਾਂ ਤੇ ਅਕਸਰ ਬਰਸਾਤ ਦਾ ਪਾਣੀ ਜਮ੍ਹਾ ਹੋ ਜਾਂਦਾ ਹੈ। ਅੱਜ ਫ੍ਰਾਈਡੇ ਡ੍ਰਾਈਡੇ ਮੁਹਿੰਮ ਅਧੀਨ 510 ਦੇ ਕਰੀਬ ਘਰਾਂ ਅਤੇ ਦੁਕਾਨਾਂ ਦੀ ਜਾਂਚ ਕਰਨ ਉਪਰੰਤ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੋਗਾ ਜਿਲ੍ਹੇ ਦੇ ਲੋਕਾਂ ਦੀ ਸਿਆਣਪ ਦੀ ਵਜ੍ਹਾ ਕਾਰਨ ਹਾਲੇ ਤੱਕ ਮੋਗਾ ਜਿਲਾ ਡੇਂਗੂ ਦੇ ਪ੍ਰਕੋਪ ਤੋਂ ਕਾਫੀ ਹੱਦ ਬਚਿਆ ਹੋਇਆ ਹੈ ਤੇ ਗੁਆਂਢੀ ਜਿਲਿਆਂ ਦੇ ਮੁਕਾਬਲੇ ਡੇਂਗੂ ਕੇਸਾਂ ਦੀ ਗਿਣਤੀ ਕਾਫੀ ਘੱਟ ਹੈ ਪਰ ਕਿਉਂਕਿ ਡੇਂਗੂ ਦੀ ਬਿਮਾਰੀ ਸਾਡੀ ਅਣਗਹਿਲੀ ਵਿੱਚੋਂ ਪੈਦਾ ਹੁੰਦੀ ਹੈ, ਇਸ ਲਈ ਨਵੰਬਰ ਮਹੀਨੇ ਦੇ ਅੰਤ ਤੱਕ ਇਸੇ ਸਿਆਣਪ ਨਾਲ ਚੱਲਣ ਦੀ ਜਰੂਰਤ ਹੈ। ਉਨ੍ਹਾਂ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਸਭ ਦੀ ਦੀਵਾਲੀ ਤੰਦਰੁਸਤੀ ਭਰੀ ਹੋਵੇ ਤੇ ਕਿਸੇ ਨੂੰ ਵੀ ਦੀਵਾਲੀ ਹਸਪਤਾਲ ਵਿੱਚ ਨਾ ਮਨਾਉਣੀ ਪਵੇ। ਉਹਨਾਂ ਅੱਜ ਦੀ ਕਾਰਵਾਈ ਬਾਰੇ ਦੱਸਦਿਆਂ ਕਿਹਾ ਕਿ ਅੱਜ 510 ਦੇ ਕਰੀਬ ਘਰਾਂ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਹੈ ਤੇ ਲਾਰਵਾ ਮਿਲਣ ਤੇ 7 ਚਲਾਨ ਕੱਟੇ ਗਏ ਹਨ। ਉਹਨਾਂ ਦੱਸਿਆ ਕਿ ਹੁਣ ਤੱਕ 700 ਦੇ ਕਰੀਬ ਸ਼ੱਕੀ ਮਰੀਜ਼ਾਂ ਦੇ ਡੇਂਗੂ ਟੈਸਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 18 ਮਰੀਜ ਪਾਜਿਟਿਵ ਆਏ ਹਨ ਜਦਕਿ 2 ਮਰੀਜ ਬਾਹਰਲੇ ਜਿਲਿਆਂ ਤੋਂ ਹਨ। ਇਨ੍ਹਾਂ ਵਿੱਚੋਂ 11 ਮਰੀਜ ਮੋਗਾ ਸ਼ਹਿਰ ਅਤੇ 7 ਮਰੀਜ ਪਿੰਡਾਂ ਨਾਲ ਸਬੰਧਤ ਹਨ। ਉਹਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ ਤੇ ਦਿਨ ਵੇਲੇ ਬਾਈਟ ਕਰਦਾ ਹੈ, ਇਸ ਲਈ ਸਾਨੂੰ ਦਿਨ ਅਤੇ ਰਾਤ ਵੇਲੇ ਸਰੀਰ ਨੂੰ ਪੂਰੀ ਤਰ੍ਹਾਂ ਢਕ ਕੇ ਰੱਖਣਾ ਚਾਹੀਦਾ ਹੈ। ਤੇਜ ਬੁਖਾਰ, ਸਿਰ ਪੇਟ ਅਤੇ ਪੱਠਿਆਂ ਵਿਚ ਦਰਦ, ਉਲਟੀਆਂ ਅਤੇ ਅੱਖਾਂ ਵਿੱਚ ਖਿੱਚ ਪੈਣਾ ਡੇੰਗੂ ਦੀਆਂ ਨਿਸ਼ਾਨੀਆਂ ਹਨ। ਜੇਕਰ ਕਿਸੇ ਵੀ ਮਰੀਜ਼ ਵਿੱਚ ਇਹ ਲੱਛਣ ਹਨ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਦੇ ਕਮਰਾ ਨੰ 7 ਏ ਵਿੱਚ ਪਹੁੰਚ ਕੇ ਆਪਣੇ ਖੂਨ ਦੀ ਮੁਫਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਲੋੜ ਪੈਣ ਤੇ ਸਰਕਾਰੀ ਹਸਪਤਾਲ ਵਿੱਚੋਂ ਮੁਫਤ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਨੂੰ ਭਰਪੂਰ ਆਰਾਮ ਅਤੇ ਤਰਲ ਪਦਾਰਥਾਂ ਦੀ ਵੱਧ ਮਾਤਰਾ ਲੈਣੀ ਚਾਹੀਦੀ ਹੈ। ਇਸ ਟੀਮ ਵਿੱਚ ਹੈਲਥ ਸੁਪਰਵਾਈਜਰ ਗਗਨਦੀਪ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ 14 ਬ੍ਰੀਡ ਚੈਕਰ ਸ਼ਾਮਲ ਸਨ।
।
