ਜਗਰਾਉਂ, 26 ਨਵੰਬਰ ( ਭਗਵਾਨ ਭੰਗੂ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਦੀ ਅਗਵਾਈ ਅਧੀਨ ਮਨਾਇਆ ਗਿਆ। ਇਸ ਮੌਕੇ ਅਧਿਆਪਿਕਾ ਮੀਨੂੰ ਰਾਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਮਹੱਤਵਪੂਰਣ ਪੱਖਾਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ੁਰੂ ਤੋਂ ਹੀ ਆਪ ਸੰਤ ਸਵਰੂਪ, ਘੋਖੀ ਵਿਚਾਰਵਾਨ, ਦਿਆਲੂ, ਬਹਾਦੁਰ ਸੁਭਾਅ ਦੇ ਸਨ। ਉਨ੍ਹਾਂ ਨੇ ਆਪਣੇ ਸਮੇਂ ਦੇ ਸ਼ਾਸਕ ਵਰਗ ਦੀ ਮਨੁੱਖਤਾ ਵਿਰੋਧੀ ਨੀਤੀਆਂ ਨੂੰ ਕੁਚਲਣ ਲਈ ਆਪਣੀ ਸ਼ਹੀਦੀ ਦਿੱਤੀ।
” ਧਰਮ ਹੇਤ ਸਾਕਾ ਜਿਨ ਕੀਆ,
ਸੀਸ ਦੀਆ ਪਰ ਸਿਰਰੁ ਨਾ ਦੀਆ। “
ਦੇ ਮਹਾਂਵਾਕ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਨਾ ਕੇਵਲ ਧਰਮ ਪਾਲਣ ਲਈ ਬਲਕਿ ਸਾਰੀ ਮਾਨਵ ਸੰਸਕ੍ਰਿਤੀ ਵਿਰਾਸਤ ਦੀ ਖਾਤਰ ਬਲਿਦਾਨ ਅਦੁੱਤੀ ਹੈ।
ਇਸ ਮੌਕੇ ਤੇ ਬੱਚਿਆਂ ਵੱਲੋਂ ਸ਼ਬਦ “ਸਾਸ ਸਾਸ ਸਿਮਰੋ ਗੋਬਿੰਦ” ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ “ਬੋਲੇ ਸੋ ਨਿਹਾਲ” ਦੇ ਜੈਕਾਰੇ ਅਤੇ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ” ਬੁਲਾਈ ਗਈ। ਜਿਸ ਨਾਲ ਵਾਤਾਵਰਣ ਭਗਤੀਭਾਵ ਭਰਪੂਰ ਹੋ ਗਿਆ। ਇਸ ਦੇ ਨਾਲ ਹੀ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਗਿਆ। ਪਿ੍ੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਂਪੁਰਖਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।ਦੇਸ਼ ਅਤੇ ਧਰਮ ਦੀ ਰੱਖਿਆ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਦੇਸ਼ ਕੌਮ ਧਰਮ ਉਪਰ ਕਿਸੇ ਵੀ ਕਿਸਮ ਦੀ ਮੁਸੀਬਤ ਆ ਜਾਵੇ ਤਾਂ ਉਸ ਦਾ ਸਾਹਮਣਾ ਕਰਨ ਲਈ ਹਮੇਸ਼ਾ ਨੌ ਬਰ ਨੌ ਰਹਿਣਾ ਚਾਹੀਦਾ ਹੈ।