ਮਲੇਰਕੋਟਲਾ, 16 ਦਸੰਬਰ: ( ਵਿਕਾਸ ਮਠਾੜੂ) – ਪੰਜਾਬ ਹੱਜ ਕਮੇਟੀ ਦੇ ਚੇਅਰਮੈਨ ਦੀ ਚੋਣ ਕਰਨ ਲਈ ਉਪ ਮੰਡਲ ਮੈਜਿਸਟ੍ਰੇਟ ਮਲੇਰਕੋਟਲਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਹੋਇਆ। ਮੀਟਿੰਗ ਵਿੱਚ ਵਿਧਾਇਕ ਮਲੇਰਕੋਟਲਾ ਮੁਹੰਮਦ ਜਮੀਲ-ਉਰ-ਰਹਿਮਾਨ ਅਤੇ ਕਮੇਟੀ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਦੱਸਿਆ ਕਿ ਹੱਜ ਕਮੇਟੀ ਦੇ ਚੇਅਰਮੈਨ ਲਈ ਮੁਹੰਮਦ ਖਲੀਲ ਕਾਸਮੀ ਦੀ ਤਜ਼ਵੀਜ਼ ਪੇਸ਼ ਕੀਤੀ ਗਈ ਸੀ, ਜਿਸਨੂੰ ਸਮੂਹ ਕਮੇਟੀ ਮੈਂਬਰਾ ਵੱਲੋਂ ਸਹਿਮਤੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ 2022 ਦੀ ਸਥਾਪਨਾ ਨੋਟੀਫਿਕੇਸ਼ਨ ਰਾਹੀਂ ਕੀਤੀ ਗਈ ਹੈ।ਮੁਹੰਮਦ ਜਮੀਲ-ਉਰ-ਰਹਿਮਾਨ ਨੇ ਨਵ ਨਿਯੁਕਤ ਚੇਅਰਮੈਨ ਮੁਹੰਮਦ ਖਲੀਲ ਕਾਸਮੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਨਵੇਂ ਚੇਅਰਮੈਨ ਹੱਜ ਕਮੇਟੀ ਦੇ ਕੰਮਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਯਤਨਸ਼ੀਲ ਰਹਿਣਗੇ।ਜਿਕਰਯੋਗ ਹੈ ਕਿ ਉਪ ਮੰਡਲ ਮੈਜਿਸਟ੍ਰੇਟ ਮਲੇਰਕੋਟਲਾ ਵੱਲੋਂ ਸਮੂਹ ਮੈਂਬਰਾਂ ਨੂੰ ਕਮੇਟੀ ਦੀਆਂ ਜਿੰਮੇਵਾਰੀਆਂ ਤੋਂ ਵੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਾਸਰ ਰਸ਼ੀਦ, ਮੁਹੰਮਦ ਅਖਤਰ, ਇਕਬਾਲ ਅਹਿਮਦ, ਮੌਲਾਨਾ ਸੱਯਦ ਆਜ਼ਮ ਰਿਜ਼ਵੀ, ਕਾਰੀ ਮੁਹੰਮਦ ਰਫ਼ੀ, ਸਰਮੂਦੀਨ, ਸ਼ਿੰਗਾਰਾ ਖਾਨ, ਸ਼ਿਰਾਜ ਦੀਨ ਬਾਲੀ, ਅਨਮ (ਸਾਰੇ ਗੈਰ ਸਰਕਾਰੀ ਮੈਂਬਰ) ਹਾਜ਼ਰ ਸਨ।
