ਦਿੜ੍ਹਬਾ (ਭੰਗੂ) ਦਿੜ੍ਹਬਾ ਪੁਲਿਸ ਨੇ ਦੋ ਵਿਅਕਤੀਆਂ ਨੂੰ 1 ਕੁਇੰਟਲ 5 ਕਿਲੋ ਭੁੱਕੀ ਸਮੇਤ ਗਸ਼ਤ ਦੌਰਾਨ ਕਾਬੂ ਕੀਤਾ ਹੈ। ਮੁੱਖ ਥਾਣਾ ਅਫਸਰ ਦਿੜ੍ਹਬਾ ਸੰਦੀਪ ਸਿੰਘ ਕਾਲੇਕਾ ਨੇ ਦੱਸਿਆ ਕਿ ਗੁਰਦੇਵ ਸਿੰਘ ਚੌਂਕੀ ਇੰਚਾਰਜ ਕੌਹਰੀਆਂ ਅਤੇ ਰਘਵੀਰ ਸਿੰਘ ਥਾਣਾ ਦਿੜ੍ਹਬਾ ਦੀ ਅਗਵਾਈ ਵਾਲੀ ਟੀਮ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਕਿ ਦੋ ਨੌਜਵਾਨ ਰਾਸ਼ਟਰੀ ਮਾਰਗ ਉਤੇ ਕਾਰ ਰਾਹੀਂ ਭੁੱਕੀ ਲਿਆ ਰਹੇ ਹਨ। ਪੁਲਿਸ ਟੀਮ ਨੇ ਕਾਕੂਵਾਲਾ ਨੇੜੇ ਇੱਕ ਕਾਰ ਨੂੰ ਆਉਦੇ ਵੇਖਿਆ। ਚੈਕ ਕਰਨ ਲਈ ਪੁਲਿਸ ਨੇ ਕਾਰ ਨੂੰ ਰੋਕਣ ਲਈ ਕਿਹਾ ਪਰ ਚਾਲਕ ਨੇ ਪੁਲਿਸ ਨੂੰ ਵੇਖ ਕੇ ਕਾਰ ਭਜਾ ਲੈ ਜਾਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਕਾਰ ਸੜਕ ਦੇ ਬਣੇ ਡਿਵਾਈਡਰ ਨਾਲ ਟਕਰਾ ਗਈ। ਪੁਲਿਸ ਨੇ ਦੋਨਾਂ ਨੌਜਵਾਨਾਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਕਾਰ ਦੀ ਪਿਛਲੀ ਸੀਟ ਤੋਂ ਭੁੱਕੀ ਬਰਾਮਦ ਕੀਤੀ ਜਿਸ ਦਾ ਵਜਨ 1 ਕੁਇੰਟਲ 5 ਕਿਲੋ ਸੀ। ਫੜੇ ਗਏ ਨੌਜਵਾਨਾਂ ਵਿੱਚੋਂ ਸੋਨੀ ਸਿੰਘ ਉਰਫ ਗੋਦੂ ਵਾਸੀ ਵਾਸੀ ਮੁਰਾਦਪੁਰ ਥਾਣਾ ਸਮਾਣਾ ਸੀ ਪਛਾਣ ਹੋਈ ਜੋ ਕਿ ਦਿੜ੍ਹਬਾ ਪੁਲਿਸ ਨੂੰ ਪਹਿਲਾਂ ਵੀ ਇੱਕ ਭੁੱਕੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਦੂਜਾ ਨੌਜਵਾਨ ਹੁਸਨਪ੍ਰਰੀਤ ਸਿੰਘ ਵਾਸੀ ਬਮਾਲ ਥਾਣਾ ਧੂਰੀ ਨੂੰ ਗਿ੍ਫਤਾਰ ਕੀਤਾ ਹੈ। ਇਹ ਦੂਜੇ ਰਾਜਾਂ ਵਿੱਚੋਂ ਭੁੱਕੀ ਲਿਆ ਕੇ ਇਲਾਕੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਵੇਚਦੇ ਸਨ। ਪੁਲਿਸ ਨੇ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਦੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।