ਮੁੱਲਾਂਪੁਰ, 14 ਮਈ ( ਮੋਹਿਤ ਜੈਨ) -ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸੱਦੇ ਤੇ ਅੱਜ ਮੁਲਾਂਪੁਰ ਵਿਖੇ ਵੱਖ ਵੱਖ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ,ਲੋਕ ਕਲਾ ਮੰਚ ਮੁਲਾਂਪੁਰ , ਇਨਕਲਾਬੀ ਕੇਂਦਰ ਪੰਜਾਬ, ਟੈਕਨੀਕਲ ਸਰਵਿਸ ਯੂਨੀਅਨ, ਡੈਮੋਕਰੈਟਿਕ ਟੀਚਰਜ ਫਰੰਟ, ਸੀਨੀਅਰ ਸਿਟੀਜਨ ਵੈਲਫੇਅਰ ਕੋਂਸਲ ਦੇ ਮੈਂਬਰਾਂ ਨੇ ਪਹਿਲਾਂ ਮੇਨ ਚੋਂਕ ਚ ਇਕੱਤਰ ਹੋ ਕੇ ਰੈਲੀ ਕੀਤੀ। ਕੰਵਲਜੀਤ ਖੰਨਾ ਦੀ ਅਗਵਾਈ ਚ ਇਕੱਤਰ ਹੋਏ ਵਰਕਰਾਂ ਨੇ ਦਿੱਲੀ ਜੰਤਰ ਮੰਤਰ ਵਿਖੇ ਪਹਿਲਵਾਨ ਧੀਆਂ ਪੁੱਤਾਂ ਦੇ ਤਿੰਨ ਹਫਤਿਆਂ ਤੋਂ ਚਲ ਰਹੇ ਮਿਸਾਲੀ ਸੰਘਰਸ਼ ਦੇ ਹੱਕ ਚ ਨਾਰੇ ਬੁਲੰਦ ਕੀਤੇ। ਮੁਜਾਹਰਾਕਾਰੀਆਂ ਨੇ ਧੀਆਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਐਮ ਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਉਸ ਨੂੰ ਜੇਲ ਦੀਆਂ ਸੀਖਾਂ ਪਿਛੇ ਡੱਕਣ ਦੀ ਜੋਰਦਾਰ ਮੰਗ ਕਰਦੇ ਨਾਰੇ ਲਗਾ ਕੇ ਦਿੱਲੀ ਸੰਘਰਸ਼ ਨਾਲ ਅਪਣੀ ਯਕਜਹਿਤੀ ਪ੍ਰਗਟ ਕੀਤੀ। ਮੁਜਾਹਰਾਕਾਰੀਆਂ ਨੇ ਬੈਨਰ ਝੰਡੇ ਲੈ ਕੇ ਰਾਏਕੋਟ ਰੋਡ, ਪੁਰਾਣੀ ਮੰਡੀ, ਜੀ ਟੀ ਰੋਡ ਤੇ ਮਾਰਚ ਕਰਕੇ ਲੋਕਾਂ ਨੂੰ ਅਪਣੇ ਸਵੈਮਾਣ ਤੇ ਆਜਾਦੀ ਲਈ ਲੜ ਰਹੀਆਂ ਧੀਆਂ ਦੇ ਹੱਕ ਵਿੱਚ ਲਾਮਬੰਦ ਕੀਤਾ। ਇਸ ਸਮੇਂ ਇਕਤਰਤਾ ਨੂੰ ਸੰਬੋਧਨ ਕਰਦਿਆਂ ਸੀਨੀਅਰ ਸਿਟੀਜਨ ਰਣਜੀਤ ਸਿੰਘ ਔਲਖ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਗੁਰਮੇਲ ਸਿੰਘ ਭਰੋਵਾਲ, ਹਰਦੀਪ ਸਿੰਘ ਟੂਸੇ, ਕਮਲਪ੍ਰੀਤ ਸਹੋਲੀ , ਪਲਸ ਮੰਚ ਆਗੂ ਹਰਕੇਸ਼ ਚੋਧਰੀ ਅਧਿਆਪਕ ਆਗੂ ਹਰਦੇਵ ਸਿੰਘ ਮੁਲਾਂਪੁਰ, ਟੀ ਐਸ ਯੂ ਆਗੂ ਜਗਤਾਰ ਸਿੰਘ ਸ਼ੇਖੂਪੁਰਾ ਨੇ ਕਿਹਾ ਕਿ ਸਦੀਆਂ ਤੋਂ ਔਰਤ ਮਾਨਸਿਕ, ਸ਼ਰੀਰਕ, ਸਮਾਜਕ ਜਬਰ ਦਾ ਸ਼ਿਕਾਰ ਹੁੰਦੀ ਆਈ ਹੈ ਤੇ ਜੇਕਰ ਸਾਰੇ ਬੰਧਨ ਤੋੜ ਕੇ ਸਾਡੀਆਂ ਧੀਆਂ ਤਿੰਨ ਹਫਤਿਆਂ ਤੋਂ ਦਿਨ ਰਾਤ ਦਾ ਸੰਘਰਸ਼ ਲੜ ਰਹੀਆਂ ਹਨ ਤਾਂ ਹਰ ਜਾਗਦੀ ਅੱਖ ਨੂੰ ਉਨਾਂ ਦਾ ਸਾਥ ਦੇਣਾ ਹੋਵੇਗਾ ਕਿਉਂਕਿ ਧੀਆਂ ਤਾਂ ਸਾਰੀਆਂ ਹੀ ਪਿਆਰੀਆਂ ਹਨ, ਭਾਵੇਂ ਉਹ ਸਾਡੀਆਂ ਹਨ ਜਾਂ ਤੁਹਾਡੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਪੁਲਸ ਵਲੋਂ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਦੋਸ਼ੀ ਨੂੰ ਗ੍ਰਿਫਤਾਰ ਨਾ ਕਰਨਾ ਦਸਦਾ ਹੈ ਕਿ ਮੋਦੀ ਹਕੂਮਤ ਅਪਣੇ ਸਰਗਨੇ ਨੂੰ ਕੋਈ ਆਂਚ ਨਹੀਂ ਆਉਣ ਦੇਣਾ ਚਾਹੁੰਦੀ। ਉਨਾਂ ਕਿਹਾ ਕਿ ਜਿਵੇਂ ਕਿਸਾਨ ਅੰਦੋਲਨ ਨੇ ਮੋਦੀ ਹਕੂਮਤ ਦੀਆਂ ਗੋਡਣੀਆਂ ਲਵਾਈਆਂ ਸਨ ਉਸੇ ਤਰਾਂ ਧੀਆਂ ਦਾ ਆਜਾਦੀ ਸੰਗਰਾਮ ਵੀ ਜੇਤੂ ਹੋ ਕੇ ਨਿਕਲੇਗਾ। ਉਨਾਂ ਕਿਹਾ ਕਿ ਨਾ ਤਾਂ ਨਿਰਭੈ ਕਾਂਡ , ਨਾ ਕਿਰਨਜੀਤ ਮਹਿਲਕਲਾਂ ਕਾਂਡ, ਤੇ ਨਾ ਹੀ ਸ਼ਰੂਤੀ ਕਾਂਡ ਦੇ ਦੋਸ਼ੀਆਂ ਨੂੰ ਲੋਕਾਂ ਨੇ ਬਖਸ਼ਿਆ ਸੀ ਤੇ ਨਾ ਹੀ ਇਸ ਦੋਸ਼ੀ ਨੂੰ ਲੋਕ ਬਖਸ਼ਣਗੇ। ਬ੍ਰਿਜ ਭੂਸ਼ਣ ਨੂੰ ਜੇਲ ਭੇਜਣ ਤਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਕਾਲਾ ਮੁਲਾਂਪੁਰ, ਕਸਤੂਰੀ ਲਾਲ , ਬਲਬੀਰ ਸਿੰਘ ਬਾਸੀ, ਹਰਦੇਵ ਟੂਸੇ, ਕੇ ਸਾਧੂ ਸਿੰਘ, ਗੁਰਮੇਲ ਸਿੰਘ ਢੱਟ, ਪਾਲ ਸਿੰਘ ਗਹੌਰ, ਦੀਪਕ ਰਾਏ ਆਦਿ ਹਾਜਰ ਸਨ।