ਮੋਗਾ, 16 ਦਸੰਬਰ-( ਕੁਲਵਿੰਦਰ ਸਿੰਘ) -ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸੁਭਾਸ਼ ਚੰਦਰ ਨੇ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ ) ਦੀ ਤਿਮਾਹੀ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਡਾਇਰੈਕਟਰ ਗੌਰਵ ਕੁਮਾਰ, ਸਟੇਟ ਡਾਇਰੈਕਟਰ ਆਰਸੇਟੀ ਸ੍ਰ. ਚਰਨਜੀਤ ਸਿੰਘ, ਐਲ.ਡੀ.ਐਮ. ਸ੍ਰੀਮਤੀ ਸਰੀਤਾ ਜੈਸਵਾਲ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ, ਐਨ.ਜੀ.ਓ. ਚੀਫ ਕੋਆਰਡੀਨੇਟਰ ਮੋਗਾ ਐਸ.ਕੇ. ਬਾਂਸਲ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਆਰਸੇਟੀ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਆਰਸੇਟੀ ਆਉਣ ਵਾਲੇ ਸਿਖਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਵੈ-ਰੋਜ਼ਗਾਰ ਅਪਣਾ ਕੇ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕਰਨ ‘ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਅਪਨਾਏ ਜਾਣ ਵਾਲੇ ਕੰਮ ਧੰਦੇ ਬਾਰੇ ਭਵਿੱਖ ਦੀ ਯੋਜਨਾ ਤਿਆਰ ਕਰਕੇ ਦ੍ਰਿੜ ਇਰਾਦੇ ਨਾਲ ਉਸ ਟੀਚੇ ਦੀ ਪ੍ਰਾਪਤੀ ਲਈ ਯਤਨ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਰਸੇਟੀ ਅਧੀਨ ਕਰਵਾਏ ਜਾਣ ਵਾਲੇ ਕੋਰਸਾਂ ਵਿੱਚ ਭਵਿੱਖ ਦੀਆਂ ਨਵੀਆਂ ਤਕਨੀਕਾਂ ‘ਤੇ ਆਧਾਰਿਤ ਕਿੱਤਾਮੁਖੀ ਕੋਰਸਾਂ ਦੀ ਸ਼ੁਰੂਆਤ ਵੀ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਇਸ ਸਿਖਲਾਈ ਦੇ ਆਧਾਰ ‘ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਇਸਦੀ ਪ੍ਰਫੁੱਲਤਾ ਦੇ ਰਾਹ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਨੈਟਵਰਕਿੰਗ, ਕੰਪਿਊਟਰ ਨਾਲ ਸਬੰਧਤ ਕੋਰਸ, ਲੈਪਟਾਪ ਰਿਪੇਅਰ ਆਦਿ ਆਧੁਨਿਕ ਤਕਨੀਕਾਂ ਵਾਲੇ ਕਿੱਤਾਮੁੱਖੀ ਕੋਰਸਾਂ ਨੂੰ ਇਨ੍ਹਾਂ ਕੋਰਸਾਂ ਵਿੱਚ ਸ਼ਾਮਿਲ ਕਰਨ ਦੀ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਇੰਡਸਟਰੀਜ਼ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਮੰਗ ਅਨੁਸਾਰ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਦੀ ਹਦਾਇਤ ਵੀ ਕੀਤੀ ਤਾਂ ਕਿ ਸਿਖਿਆਰਥੀਆਂ ਨੂੰ ਛੇਤੀ ਤੋਂ ਛੇਤੀ ਰੋਜ਼ਗਾਰ ਦਿਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੰਪਿਊਟਰ ਦੀ ਚੰਗੀ ਮੁਹਾਰਤ ਹੋਣ ਨਾਲ ਵੀ ਸਿਖਿਆਰਥੀਆਂ ਨੂੰ ਰੋਜ਼ਗਾਰ ਜਾਂ ਸਵੈ ਰੋਜ਼ਗਾਰ ਹਾਸਲ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ। ਇਸ ਲਈ ਇਨ੍ਹਾਂ ਕੋਰਸਾਂ ਦਾ ਵੀ ਸਿਖਿਆਰਥੀਆਂ ਨੂੰ ਆਰਸੇਟੀ ਜਰੀਏ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਭ ਦਿਵਾਇਆ ਜਾਵੇ। ਮੀਟਿੰਗ ਵਿੱਚ ਹਾਜ਼ਰ ਆਰਸੇਟੀ ਡਾਇਰੈਕਟਰ ਗੌਰਵ ਕੁਮਾਰ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ 2009 ਤੋ ਸ਼ੁਰੂ ਹੋਈ ਇਸ ਸੰਸਥਾ ਵੱਲੋਂ ਹੁਣ ਤੱਕ ਵੱਖ ਵੱਖ ਸਿਖਲਾਈ ਕੋਰਸਾਂ ਵਿੱਚ 7201 ਸਿਖਿਆਰਥੀ ਸਿਲਾਈ ਕਢਾਈ, ਬਿਊਟੀ ਪਾਰਲਰ, ਡੇਅਰੀ ਫਾਰਮਿੰਗ, ਕੰਪਿਊਟਰ ਬੇਸਿਕ ਅਤੇ ਪਲੰਬਰ ਆਦਿ ਵੱਖ ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਵਿੱਚੋ 5085 ਸਿਖਿਆਰਥੀ ਆਪਣਾ ਖੁਦ ਦਾ ਧੰਦਾ ਸ਼ੁਰੂ ਕਰਕੇ ਆਤਮ ਨਿਰਭਰ ਹੋਣ ਵਿੱਚ ਸਫ਼ਲ ਹੋਏ ਹਨ ਅਤੇ ਬਾਕੀ ਸਿਖਿਆਰਥੀਆਂ ਨੂੰ ਆਤਮ ਨਿਰਭਰ ਹੋਣ ਲਈ ਬੈਕਾਂ ਪਾਸੋ ਕਰਜ਼ਾ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਇਸ ਮੌਕੇ ਡਾਇਰੈਕਟਰ ਨੇ ਆਰਸੇਟੀ ਸੰਸਥਾ ਦੀ ਤਿਮਾਹੀ ਰਿਪੋਰਟ ਦਿੰਦਿਆਂ ਦੱਸਿਆ ਕਿ 30 ਸਤੰਬਰ 2022 ਤੱਕ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਅਧੀਨ 469 ਸਿਖਿਆਰਥੀਆਂ ਨੇ ਸਫ਼ਲਤਾਪੂਰਵਕ ਸਿਖਲਾਈ ਪ੍ਰਾਪਤ ਕੀਤੀ ਹੈ। ਇਨ੍ਹਾਂ ਸਿਖਲਾਈ ਪ੍ਰਾਪਤ ਸਿਖਿਆਰਥੀਆਂ ਵਿੱਚੋਂ 128 ਸਿਖਿਆਰਥੀਆਂ ਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ ਅਤੇ 56 ਸਿਖਿਆਰਥੀਆਂ ਨੂੰ ਬੈਂਕ ਪਾਸੋਂ ਕਾਰੋਬਾਰ ਸਥਾਪਿਤ ਕਰਨ ਲਈ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ।
