Home Farmer ਪ੍ਰਤੀ ਕਿਸਾਨ ਪਰਿਵਾਰ ਔਸਤ ਮਾਸਿਕ ਆਮਦਨ ਦੇ ਮਾਮਲੇ ਵਿੱਚ ਪੰਜਾਬ ਦੇਸ਼ ਵਿੱਚ...

ਪ੍ਰਤੀ ਕਿਸਾਨ ਪਰਿਵਾਰ ਔਸਤ ਮਾਸਿਕ ਆਮਦਨ ਦੇ ਮਾਮਲੇ ਵਿੱਚ ਪੰਜਾਬ ਦੇਸ਼ ਵਿੱਚ ਦੂਜੇ ਨੰਬਰ ‘ਤੇ

49
0

ਤੋਮਰ ਨੇ ਇਹ ਖੁਲਾਸਾ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤਾ

ਲੁਧਿਆਣਾ, 17 ਦਸੰਬਰ ( ਰਾਜਨ ਜੈਨ, ਰੋਹਿਤ ਗੋਇਲ)-ਪ੍ਰਤੀ ਕਿਸਾਨ ਪਰਿਵਾਰ ਔਸਤ ਮਾਸਿਕ ਆਮਦਨ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ਵਿੱਚ ਦੂਜੇ ਨੰਬਰ ‘ਤੇ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਵਿੱਚ ਇਹ ਖੁਲਾਸਾ ਹੋਇਆ ਹੈ।ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਕਿਸਾਨਾਂ ਦੀ ਆਮਦਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ। ਉਨ੍ਹਾਂ ਦੇ ਅੰਕੜਿਆਂ ਅਨੁਸਾਰ, ਮੇਘਾਲਿਆ ਪ੍ਰਤੀ ਖੇਤੀਬਾੜੀ ਪਰਿਵਾਰ (29,348 ਰੁਪਏ) ਦੀ ਔਸਤ ਮਾਸਿਕ ਆਮਦਨ ਵਿੱਚ ਦੇਸ਼ ਵਿੱਚ ਸਭ ਤੋਂ ਉੱਪਰ ਹੈ। ਦੂਜੇ ਰਾਜਾਂ ਵਿੱਚ ਆਮਦਨ ਇਸ ਪ੍ਰਕਾਰ ਹੈ: ਪੰਜਾਬ (26,701 ਰੁਪਏ), ਹਰਿਆਣਾ (22,841 ਰੁਪਏ), ਅਰੁਣਾਚਲ ਪ੍ਰਦੇਸ਼ (19,225 ਰੁਪਏ), ਜੰਮੂ ਅਤੇ ਕਸ਼ਮੀਰ (18,918 ਰੁਪਏ), ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸਮੂਹ (18,511 ਰੁਪਏ), ਮਿਜ਼ੋਰਮ (17,964 ਰੁਪਏ), ਕੇਰਲਾ (17,915 ਰੁਪਏ), ਉੱਤਰ ਪੂਰਬੀ ਰਾਜਾਂ ਦਾ ਸਮੂਹ (16,863 ਰੁਪਏ), ਉੱਤਰਾਖੰਡ (13,552 ਰੁਪਏ), ਕਰਨਾਟਕ (13,441 ਰੁਪਏ), ਗੁਜਰਾਤ (12,631 ਰੁਪਏ), ਰਾਜਸਥਾਨ (12,520 ਰੁਪਏ), ਸਿੱਕਮ (12,447 ਰੁਪਏ), ਹਿਮਾਚਲ ਪ੍ਰਦੇਸ਼ (12,447 ਰੁਪਏ), ), ਤਾਮਿਲਨਾਡੂ (11,924 ਰੁਪਏ), ਮਹਾਰਾਸ਼ਟਰ (11,492 ਰੁਪਏ), ਮਨੀਪੁਰ (11,227 ਰੁਪਏ), ਅਸਾਮ (10,675 ਰੁਪਏ), ਆਂਧਰਾ ਪ੍ਰਦੇਸ਼ (10,480 ਰੁਪਏ), ਤ੍ਰਿਪੁਰਾ (9,918 ਰੁਪਏ), ਨਾਗਾਲੈਂਡ (9,877 ਰੁਪਏ, ਛੱਤੀਸਗੜ੍ਹ (9,677 ਰੁਪਏ), ਤੇਲੰਗਾਨਾ (9,403 ਰੁਪਏ), ਮੱਧ ਪ੍ਰਦੇਸ਼ (8,339 ਰੁਪਏ), ਉੱਤਰ ਪ੍ਰਦੇਸ਼ (8,061 ਰੁਪਏ), ਬਿਹਾਰ (7,542 ਰੁਪਏ), ਪੱਛਮੀ ਬੰਗਾਲ (6,762 ਰੁਪਏ), ਉੜੀਸਾ (112) ਝਾਰਖੰਡ (4,895 ਰੁਪਏ)।

ਅਰੋੜਾ ਨੇ ਕਿਹਾ, “ਜੇਕਰ ਅਸੀਂ ਨਕਦੀ ਫਸਲਾਂ ‘ਤੇ ਸਭ ਤੋਂ ਵੱਧ ਨਿਰਭਰਤਾ ਵਾਲੇ ਰਾਜਾਂ ਨੂੰ ਧਿਆਨ ਵਿੱਚ ਰੱਖਦੇ ਹਾਂ, ਤਾਂ ਪੰਜਾਬ ਪਹਿਲੇ ਸਥਾਨ ‘ਤੇ ਹੋਵੇਗਾ। ਮੇਘਾਲਿਆ ਦਾ ਬਾਗਬਾਨੀ ਅਤੇ ਫਲਾਂ ਦੇ ਉਤਪਾਦਨ ਵਿੱਚ ਵੱਡਾ ਹਿੱਸਾ ਹੈ।” ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਅਤੇ ਫਲਾਂ ਦੀ ਖੇਤੀ ਕਰਕੇ ਆਪਣੀਆਂ ਫ਼ਸਲਾਂ ਵਿੱਚ ਵਿਭਿੰਨਤਾ ਲਿਆਉਣ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਮਹੱਤਵਪੂਰਨ ਫਸਲਾਂ ਵਿੱਚ ਚਾਵਲ, ਕਣਕ, ਮੱਕੀ, ਬਾਜਰਾ, ਗੰਨਾ, ਤੇਲ ਬੀਜ ਅਤੇ ਕਪਾਹ ਸ਼ਾਮਲ ਹਨ ਪਰ 80 ਫੀਸਦੀ ਖੇਤੀ ਰਕਬੇ ‘ਤੇ ਝੋਨੇ ਅਤੇ ਕਣਕ ਦੀ ਪੈਦਾਵਾਰ ਹੋ ਰਹੀ ਹੈ।ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਸੂਬੇ ਦੇ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਪੂਰੀ ਵਾਹ ਲਾ ਰਹੇ ਹਨ। ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਅਕਤੂਬਰ ਵਿੱਚ ਮੁੱਖ ਮੰਤਰੀ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਸੀ। ਅਜਿਹਾ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ 1.25 ਲੱਖ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਗੰਨੇ ਦੇ ਭਾਅ ਵਿੱਚ ਹੋਏ ਵਾਧੇ ਦਾ ਕਿਸਾਨਾਂ ਨੂੰ ਭੁਗਤਾਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਾਰੰਟੀ ਦੇਣ ਦੀ ਲੋੜ ਹੈ। ਇਹ ਗੱਲ ਮੁੱਖ ਮੰਤਰੀ ਨੇ ਇਸ ਸਾਲ ਅਗਸਤ ਮਹੀਨੇ ਨੀਤੀ ਆਯੋਗ ਦੀ ਕੌਮੀ ਕੌਂਸਲ ਦੀ ਮੀਟਿੰਗ ਦੌਰਾਨ ਕਹੀ। ਅਰੋੜਾ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਇਸ ਦੇ ਨਤੀਜੇ ਸਾਹਮਣੇ ਆਉਣਗੇ ਕਿਉਂਕਿ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਖੇਤੀ ਨੂੰ ਵਧੇਰੇ ਲਾਹੇਵੰਦ ਧੰਦਾ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

LEAVE A REPLY

Please enter your comment!
Please enter your name here