– ਪੰਜਾਬ ਸਰਕਾਰ ਨੇ ਚਾਲੂ ਕੀਤਾ ‘ਮੇਕ ਇੰਨ ਪੰਜਾਬ’ ਪੋਰਟਲ
ਮੋਗਾ, 19 ਦਸੰਬਰ ( ਕੁਲਵਿੰਦਰ ਸਿੰਘ) – ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਕਾਰਜਸ਼ੀਲ ਸੈੱਲਫ਼ ਹੈੱਲਪ ਗਰੁੱਪਾਂ (ਸਵੈ ਸਹਾਇਤਾ ਸਮੂਹਾਂ) ਵੱਲੋਂ ਤਿਆਰ ਕੀਤੇ ਜਾਂਦੇ ਵੱਖ-ਵੱਖ ਉਤਪਾਦਾਂ ਨੂੰ ਦੇਸ਼ ਵਿਦੇਸ਼ਾਂ ਵਿੱਚ ਖਰੀਦਦਾਰਾਂ ਤੱਕ ਪਹੁੰਚਾਉਣ ਲਈ ਆਨਲਾਈਨ ‘ਮੇਕ ਇੰਨ ਪੰਜਾਬ’ ਪੋਰਟਲ ਚਾਲੂ ਕੀਤਾ ਹੈ। ਇਸ ਸੰਬੰਧੀ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸੈਲਫ਼ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਦੇ ਵੇਰਵੇ ਮੰਗੇ ਗਏ ਹਨ ਤਾਂ ਜੋ ਇਨਾਂ ਨੂੰ ਪੋਰਟਲ ਉੱਪਰ ਅਪਲੋਡ ਕੀਤਾ ਜਾ ਸਕੇ ਅਤੇ ਗਰੁੱਪ ਮੈਂਬਰਾਂ ਨੂੰ ਸਿੱਧੇ ਆਰਡਰ ਪ੍ਰਾਪਤ ਹੋ ਸਕਣ।
ਇਸ ਸੰਬੰਧੀ ਉਕਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਪ੍ਰਾਪਤ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਇਸ ਵੇਲੇ 36700 ਤੋਂ ਵਧੇਰੇ ਸੈਲਫ਼ ਹੈਲਪ ਗਰੁੱਪ ਕੰਮ ਕਰ ਰਹੇ ਹਨ। ਇਨਾਂ ਵਿੱਚੋਂ 1000 ਦੇ ਕਰੀਬ ਗਰੁੱਪ ਤਾਂ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ। ਇਨਾਂ ਗਰੁੱਪਾਂ ਵੱਲੋਂ ਤਿਆਰ ਉਤਪਾਦ ਵੱਡੀਆਂ ਕੰਪਨੀਆਂ ਵੱਲੋਂ ਤਿਆਰ ਉਤਪਾਦਾਂ ਨੂੰ ਮੁਕਾਬਲਾ ਦੇਣ ਦੇ ਕਾਬਲ ਹਨ। ਬੱਸ ਲੋੜ ਹੈ ਤਾਂ ਇਨਾਂ ਉਤਪਾਦਾਂ ਨੂੰ ਵਿਚੋਲਿਆਂ ਤੋਂ ਬਿਨਾ ਸਿੱਧਾ ਖਰੀਦਦਾਰਾਂ ਤੱਕ ਪਹੁੰਚਾਉਣਾ।ਇਨਾਂ ਗਰੁੱਪਾਂ ਵੱਲੋਂ ਫੁਲਕਾਰੀਆਂ, ਕੁੜਤੀਆਂ, ਤਰਾਂ ਤਰਾਂ ਦੇ ਦੁੱਧ ਉਤਪਾਦ, ਹਲਦੀ, ਆਚਾਰ, ਮੁਰੱਬੇ, ਤੇਲ, ਕੱਪੜੇ, ਸਵੈਟਰ, ਪੰਜਾਬੀ ਜੁੱਤੀਆਂ ਅਤੇ ਹੋਰ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਭਾਵੇਂਕਿ ਪੰਜਾਬ ਸਰਕਾਰ ਵੱਲੋਂ ਇਨਾਂ ਸੈੱਲਫ਼ ਹੈੱਲਪ ਗਰੁੱਪਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗਣ ਵਾਲੇ ਸ਼ਿਲਪ, ਦਸਤਕਾਰੀ, ਹਸਤਕਾਰੀ ਮੇਲਿਆਂ ਅਤੇ ਸਰਸ ਮੇਲਿਆਂ ਵਿੱਚ ਸ਼ਮੂਲੀਅਤ ਵੀ ਕਰਵਾਈ ਜਾਂਦੀ ਹੈ ਪਰ ਇਨਾਂ ਉਤਪਾਦਾਂ ਨੂੰ ਪੂਰੀ ਦੁਨੀਆਂ ਤੱਕ ਲਿਜਾਣ ਲਈ ਕਿਤੇ ਨਾ ਕਿਤੇ ਆਨਲਾਈਨ ਪਲੇਟਫਾਰਮ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ ਜੋ ਕਿ ਇਸ ਪੋਰਟਲ ਨਾਲ ਪੂਰੀ ਹੋ ਗਈ ਹੈ।
ਉਨਾਂ ਦੱਸਿਆ ਕਿ ‘ਮੇਕ ਇਨ ਪੰਜਾਬ’ ਇੱਕ ਆਨਲਾਈਨ ਮਾਰਕਿਟ ਪਲੇਸ ਹੈ ਜੋ ਪੰਜਾਬ ਦੇ ਸੈੱਲਫ਼ ਹੈੱਲਪ ਗਰੁੱਪਾਂ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ। ਵਿਭਾਗ ਵੱਲੋਂ ਇਨਾਂ ਗਰੁੱਪਾਂ ਬਾਰੇ ਜੋ ਵੇਰਵੇ ਡਿਪਟੀ ਕਮਿਸ਼ਨਰ ਦਫ਼ਤਰਾਂ ਰਾਹੀਂ ਪ੍ਰਾਪਤ ਹੋ ਰਹੇ ਹਨ ਉਨਾਂ ਨੂੰ ਇਸ ਪੋਰਟਲ ਉੱਪਰ ਅਪਲੋਡ ਕੀਤਾ ਜਾ ਰਿਹਾ ਹੈ। ਖਰੀਦਦਾਰ ਪੋਰਟਲ ਰਾਹੀਂ ਸਿੱਧੇ ਤੌਰ ਉੱਤੇ ਉਤਪਾਦਕ ਨੂੰ ਆਰਡਰ ਦੇਣਗੇ। ਇਹ ਆਰਡਰ ਖਰੀਦਦਾਰ ਤੱਕ ਹੋਮ ਡਲਿਵਰੀ ਕਰਾਉਣ ਲਈ ਵਿਭਾਗ ਵੱਲੋਂ ਇੱਕ ਡਲਿਵਰੀ ਏਜੰਸੀ ਨਾਲ ਵੀ ਕਰਾਰ ਕੀਤਾ ਗਿਆ ਹੈ।
ਇਹ ਪਹਿਲਕਦਮੀ ਛੋਟੇ ਸਵੈ ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਉਤਪਾਦਾਂ ਦੀ ਦਿੱਖ ਅਤੇ ਮਾਰਕਿਟ ਯੋਗਤਾ ਨੂੰ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਦੀ ਹੈ, ਜੋ ਹੁਣ ਤੱਕ ਕਰਾਫਟ ਮੇਲਿਆਂ ਦੇ ਭੌਤਿਕ ਸਟਾਲਾਂ ਤੱਕ ਹੀ ਸੀਮਿਤ ਸਨ।ਅਮਿਤ ਕੁਮਾਰ ਨੇ ਪੰਜਾਬ ਅਤੇ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹ ਇਸ ਪੋਰਟਲ ਰਾਹੀਂ ਵੱਧ ਤੋਂ ਵੱਧ ਖਰੀਦਦਾਰੀ ਕਰਨੀ ਯਕੀਨੀ ਬਣਾਉਣ। ਉਨਾਂ ਖਰੀਦ ਨਾ ਸਿਰਫ ਸਾਡੇ ਸਾਨਦਾਰ ਰਾਜ ਦੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰੇਗੀ, ਸਗੋਂ ਇੱਕ ਰੋਜੀ-ਰੋਟੀ ਨੂੰ ਵੀ ਸਹਾਇਤਾ ਕਰੇਗੀ।
