ਬਟਾਲਾ , 8 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-:ਵੀਰਵਾਰ ਦੇਰ ਰਾਤ ਬਟਾਲਾ ਵਿੱਚ ਵੱਡੀ ਵਾਰਦਾਤ ਹੋਈ। ਮਾਮੂਲੀ ਝਗਡ਼ੇ ਦੌਰਾਨ 32 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰ ਨੌਜਵਾਨ ਨੂੰ ਸਿਵਲ ਹਸਪਤਾਲ ਬਟਾਲਾ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ 32 ਸਾਲਾ ਰੋਹਿਤ ਪੁੱਤਰ ਰਮੇਸ਼ ਵਾਸੀ ਲਕਸ਼ਮੀ ਪੈਲੇਸ ਭੰਡਾਰੀ ਮੁਹੱਲਾ ਬਟਾਲਾ ਵਜੋਂ ਹੋਈ ਹੈ। ਘਟਨਾ ਵੀਰਵਾਰ ਰਾਤ ਤਕਰੀਬਨ ਸਾਢੇ ਨੌਂ ਵਜੇ ਦੀ ਹੈ। ਐਮਰਜੈਂਸੀ ਵਿਚ ਤਾਇਨਾਤ ਡਾਕਟਰਾਂ ਅਨੁਸਾਰ ਉਕਤ ਨੌਜਵਾਨ ਦੇ ਜ਼ਖਮੀ ਹੋਏ ’ਤੇ ਪਰਿਵਾਰਕ ਮੈਂਬਰ ਪਹਿਲਾਂ ਉਸ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਸਨ ਤੇ ਬਾਅਦ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਪੁਲਿਸ ਪਾਰਟੀ ਸਮੇਤ ਸਿਵਲ ਹਸਪਤਾਲ ਪੁੱਜੇ ਤੇ ਉਨ੍ਹਾਂ ਨੇ ਸਥਿਤ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਨਿਰਮਲ ਬਾਬੇ ਨਾਲ ਪੁਰਾਣੀ ਰੰਜਿਸ਼ ਸੀ। ਅੱਜ ਇਨ੍ਹਾਂ ਦਾ ਆਪਸੀ ਝਗੜਾ ਹੋ ਗਿਆ ਤੇ ਬਾਬੇ ਨੇ ਇਸ ’ਤੇ ਕਿਰਚਾਂ ਨਾਲ ਵਾਰ ਕਰ ਦਿੱਤੇ, ਜਿਸ ਨਾਲ ਇਸ ਦੀ ਮੌਤ ਹੋ ਗਈ। ਉਕਤ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਭਰਾ ਵਿਕਰਮ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 302 ਆਈ.ਪੀ.ਸੀ ਤਹਿਤ ਨਿਰਮਲ ਬਾਬੇ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
