ਗੁਰੂਸਰ ਸੁਧਾਰ 19 ਦਸੰਬਰ (ਜਸਵੀਰ ਸਿੰਘ ਹੇਰਾਂ):ਜਿੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਦਿਨੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਜੱਦੀ ਪਿੰਡ ਸਰਾਭਾ ਪਹੁੰਚ ਕੇ ਹਲਵਾਰਾ ਏਅਰਪੋਰਟ ਦੇ ਨਿਰਮਾਣ ਨੂੰ ਮੁੜ ਸ਼ੁਰੂ ਕਰਨ ਵਾਸਤੇ ਕਰੀਬ 48 ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਗੱਲ ਆਖੀ।ਉੱਥੇ ਹੀ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਰਖਵਾਉਣ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਨੌਜਵਾਨ ਸੁੱਖ ਜਗਰਾਉ, ਸੁਖਵਿੰਦਰ ਸਿੰਘ ਹਲਵਾਰਾ,ਚਰਨਜੀਤ ਸਿੰਘ ਸਰਾਭਾ ਤੇ ਰਫ਼ਤਾਰ ਰਾਏ ਵੱਲੋਂ ਮਿਤੀ 30/09/2022 ਨੂੰ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਦੇ ਅੱਗੇ ਬੈਠ ਕੇ ਖੂਨ ਨਾਲ ਚਿੱਠੀ ਲਿਖੀ ਗਈ ਸੀ।ਅੱਜ ਉਹਨਾਂ ਦੀਆਂ ਚਿੱਠੀਆਂ ਦਾ ਜਵਾਬ ਇਹਨਾਂ ਨੌਜਵਾਨਾਂ ਨੂੰ ਪ੍ਰਾਪਤ ਹੋਇਆ,ਜਿਸ ਵਿੱਚ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਸਰਕਾਰ ਨੇ ਲਿਿਖਆ ਹੈ ਕਿ ਪੰਜਾਬ ਸਰਕਾਰ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਰਖਵਾਉਣ ਸੰਬੰਧੀ ਵਿਚਾਰ/ਕਾਰਵਾਈ ਕਰ ਰਹੀ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਸੁੱਖ ਜਗਰਾਉ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਸਾਡੇ ਇਲਾਕੇ ਵਿੱਚ ਖੁਸ਼ੀ ਉਸ ਵੇਲੇ ਮਨਾਈ ਜਾਵੇਗੀ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਦੇ ਬੋਰਡ ਏਅਰਪੋਰਟ ਦੇ ਮੁੱਖ ਦਰਵਾਜਿਆਂ ਉੱਪਰ ਲਗਾਏ ਜਾਣਗੇ।ਉਦੋਂ ਤੱਕ ਇਸ ਮੰਗ ਵਾਸਤੇ ਲਗਾਤਾਰ ਸੰਘਰਸ਼ ਕਰਦੇ ਰਹਾਂਗੇ।ਸਮਾਜ ਸੇਵੀ ਸੁਖਵਿੰਦਰ ਸਿੰਘ ਹਲਵਾਰਾ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਸਰਾਭਾ ਜੀ ਦੇ ਨਾਮ ਤੇ ਹੋਇਆ ਏਅਰਪੋਰਟ ਨੌਜਵਾਨਾਂ ਵਿੱਚ ਦੇਸ਼ ਭਗਤੀ ਤੇ ਕੌਮ ਦੀ ਸੇਵਾ ਪ੍ਰਤੀ ਜਜ਼ਬਾ ਭਰਦਾ ਰਹੇਗਾ।ਇਸਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਤੇ ਵੀ ਵੱਡੇ ਆਸਾਰ ਹਨ। ਰਫਤਾਰ ਰਾਏ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਪਹਿਲੇ ਹਵਾਬਾਜ਼ ਤੇ ਪਹਿਲੇ ਪੱਤਰਕਾਰ ਸਨ,ਇਸ ਏਅਰਪੋਰਟ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਸਮਰਪਿਤ ਕਰਨ ਨਾਲ ਇਲਾਕੇ ਦੇ ਲੋਕਾਂ ਵਿੱਚ ਵੱਡੇ ਪੱਧਰ ਦੀ ਖੁਸ਼ੀ ਦੀ ਲਹਿਰ ਆਵੇਗੀ ਤੇ ਪੰਜਾਬ ਸਰਕਾਰ ਨੂੰ ਸ਼ਹੀਦਾਂ ਨੂੰ ਸਨਮਾਨ ਦਵਾਉਣ ਦਾ ਚੰਗਾ ਮੌਕਾ ਹੈ।ਇਸ ਮੌਕੇ ਉਹਨਾਂ ਨਾਲ ਹਰਸ਼ਦੀਪ ਜਗਰਾਉ,ਪ੍ਰਭਜੋਤ ਸਿੰਘ ਬੁੱਟਰ ਆਦਿ ਨੌਜਵਾਨ ਮੌਜੂਦ ਰਹੇ।
