ਸਿੱਖ ਮਸਲਿਆਂ ਸਬੰਧੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਯੂ.ਪੀ. ਸਰਕਾਰ ਨੂੰ ਮਿਲਿਆ
ਜਗਰਾਉਂ, 20 ਦਸੰਬਰ ( ਵਿਕਾਸ ਮਠਾੜੂ, ਧਰਮਿੰਦਰ )-ਦੁਨੀਆਂ ਦੇ ਕੋਨੇ-ਕੋਨੇ ’ਚ ਵਸਣ ਵਾਲੀ ਸਿੱਖ ਕੌਮ ਨੇ ਆਪਣੀ ਹੱਡ-ਭੰਨਵੀਂ ਮਿਹਨਤ ਕਰਕੇ ਜਿੱਥੇ ਆਰਥਿਕ ਤੌਰ ’ਤੇ ਝੰਡੇ ਗੱਡੇ ਹਨ, ਉੱਥੇ ਆਪਣੀ ਕੌਮੀਅਤ ਤੇ ਅੱਡਰੀ ਪਛਾਣ ਨੂੰ ਵੀ ਬਰਕਰਾਰ ਰੱਖਿਆ ਹੋਇਆ ਹੈ। ਦੁਨੀਆਂ ਦੇ ਵੱਖ-ਵੱਖ ਖੇਤਰਾਂ ’ਚ ਵਸੇ ਪੰਜਾਬੀਆਂ ਅਤੇ ਸਿੱਖ ਅਵਾਮ ਨੂੰ ਸਥਾਨਕ ਤੌਰ ’ਤੇ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਦਾ ਹੈ। ਅਜਿਹੀਆਂ ਚਣੋਤੀਆਂ ਸਬੰਧੀ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਆਪਣੀ ਡਟਵੀਂ ਪਹਿਰੇਦਾਰੀ ਕਰਦੀ ਆਈ ਹੈ। ਅੱਜ ਜਦ ਯੂ.ਪੀ. ਅੰਦਰ ਕਈ ਦਹਾਕਿਆਂ ਤੋਂ ਯੂ.ਪੀ. ’ਚ ਵਸੇ ਸਿੱਖਾਂ ਨੂੰ ਸਰਕਾਰ ਵੱਲੋਂ ਨੋਟਿਸ ਭੇਜੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਇਕ ਵਫ਼ਦ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਵੱਲੋਂ ਨੁਮਾਇੰਦਗੀ ਕਰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਯੂ.ਪੀ. ਦੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ, ਜਿਸ ’ਚ ਪੀਲ਼ੀ ਭੀਤ ’ਚ ਮਾਰੇ ਨਿਰਦੋਸ਼ ਸਿੱਖਾਂ ਸਬੰਧੀ ਸੀ.ਬੀ.ਆਈ. ਕੋਰਟ ਵੱਲੋਂ ਦਿੱਤੀਆਂ ਸਜ਼ਾਵਾਂ ਨੂੰ ਘੱਟ ਕਰਨ ਅਤੇ ਸਹਾਰਨਪੁਰ ਦਾ ਗੁਰਦੁਆਰਾ ਸਾਹਿਬ ਜੀ ਦੀ ਜ਼ਮੀਨ ਸਬੰਧੀ ਤੇ ਹੋਰ ਝਗੜੇ ਤਹਿਤ ਚੱਲ ਰਹੇ ਅਦਾਲਤੀ ਮਾਮਲਿਆਂ ਨੂੰ ਖਤਮ ਕਰਨ ਦੀ ਮੰਗ ਰੱਖੀ ਗਈ, ਜਿਸ ’ਤੇ ਯੂ.ਪੀ. ਦੇ ਮੁੱਖ ਮੰਤਰੀ ਨੇ ਫੌਰੀ ਤੌਰ ’ਤੇ ਹੱਲ ਕਰਨ ਦਾ ਭਰੋਸਾ ਦੁਆਇਆ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈਸ ਵਾਰਤਾ ਦੌਰਾਨ ਦਿੱਤੀ। ਉਨ੍ਹਾਂ ਯੂ.ਪੀ. ਫੇਰੀ ਸਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਯੂ.ਪੀ. ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਵਿਚਕਾਰ ਹੋਈ ਵਾਰਤਾਲਾਪ ਯੂ.ਪੀ. ਅੰਦਰ ਵੱਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਸਬੰਧੀ ਸਾਰਥਕ ਹੋ ਨਿਬੜੇਗੀ।
