ਜਗਰਾਉਂ, 23 ਦਸੰਬਰ (ਪ੍ਰਤਾਪ ਸਿੰਘ): ਜਗਰਾਉਂ ਦੇ ਅਖਬਾਰੀ ਏਜੰਟ ਭਰਾਵਾਂ ਦੇ ਵਿਦੇਸ਼ ਵਸਦੇ ਭਰਾ ਸੁਖਦੇਵ ਰਾਜ ਨੇ ਆਪਣੀ ਮਾਤਾ ਦੀ ਯਾਦ ਵਿਚ ਬਣਾਏ ਐਜੂਕੇਸ਼ਨ ਟਰੱਸਟ ਦਾ ਸਕੂਲੀ ਵਿਦਿਆਰਥੀਆਂ ਨੂੰ ਕਾਪੀਆ ਕਿਤਾਬਾਂ ਤੇ ਵਰਦੀਆਂ ਵੰਡ ਕੇ ਲੋੜਵੰਦਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਿੱਚ ਤੱਤਪਰ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਪਰਿਵਾਰ ਦੀ ਬੇਟੀ ਮੋਨਿਕਾ ਅਰੋੜਾ ਨੇ ਆਪਣੇ ਤਾਏ ਸੁਖਦੇਵ ਰਾਜ, ਬਲਦੇਵ ਰਾਜ, ਮਾਤਾ ਜੋਤੀ ਰਾਣੀ, ਭਰਾ ਸੁਮਤਿ ਪਾਟਨੀ ਅਤੇ ਭਤੀਜੇ ਆਯੋਜਤ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪੀਰੂ ਬੰਦਾ (ਸਲੇਮਟਾਬਰੀ) ਲੁਧਿਆਣਾ ਦੇ ਸਕੂਲੀ ਵਿਦਿਆਰਥੀਆਂ ਨੂੰ 164000 ਰੁਪਏ ਦੀਆਂ ਪੂਰੀਆਂ ਵਰਦੀਆਂ ਪੈਂਟ, ਸ਼ਰਟ, ਸਵੈਟਰ, ਬਲੇਜ਼ਰ, ਬੂਟ ਅਤੇ ਜੁਰਾਬਾਂ ਸਕੂਲੀ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਗਏ। ਇਸ ਮੌਕੇ ਮੋਨਿਕਾ ਨੇ ਦੱਸਿਆ ਕਿ ਸਰਕਾਰਾਂ ਦੇ ਤਾਂ ਕੰਮ ਹੀ ਨਿਰਾਲੇ ਹਨ ! ਕਦੇ ਉਹ ਘੱਟ ਗਿਣਤੀਆਂ ਦੇ ਬੱਚਿਆਂ ਨੂੰ ਵਰਦੀਆਂ ਦਿੰਦੇ ਹਨ ਤੇ ਕਦੇ ਸਿਰਫ ਲੜਕੀਆਂ ਵਾਸਤੇ ਹੀ ਭੇਜਦੇ ਹਨ। ਜਦ ਕਿ ਜਨਰਲ ਕੈਟਾਗਰੀ ਅਤੇ ਲੜਕੇ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਹਾਲਾਂਕਿ ਉਨ੍ਹਾਂ ਵਿਚ ਵੀ ਬਹੁਤੇ ਲੋੜਵੰਦ ਹੁੰਦੇ ਹਨ। ਇਸੇ ਕਰਕੇ ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੂਰੀ ਵਰਦੀ ਤਕਸੀਮ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਗੋਂ ਵੀ ਟਰੱਸਟ ਅਜਿਹੇ ਉਪਰਾਲੇ ਕਰਦਾ ਰਹੇਗਾ। ਸਕੂਲ ਦੀ ਪ੍ਰਿੰਸੀਪਲ ਮੈਡਮ ਜੋਤੀ ਅਰੋੜਾ ਵੱਲੋਂ ਟਰੱਸਟ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ।