ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਦੇਖ ਮਨ ਗਦਗਦ ਹੋਇਆ – ਜੈਦੇਵ ਰਾਊਤ
ਮੋਗਾ 24 ਦਸੰਬਰ ( ਕੁਲਵਿੰਦਰ ਸਿੰਘ ) :- 1 ਅਕਤੂਬਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਤੋਂ ‘ਹਰ ਘਰ ਖੂਨਦਾਨੀ’ ਦਾ ਮਿਸ਼ਨ ਲੈ ਕੇ ਸਾਈਕਲ ਤੇ ਭਾਰਤ ਯਾਤਰਾ ਕਰਨ ਨਿਕਲੇ ਜੈ ਦੇਵ ਰਾਊਤ ਪਿਛਲੇ 15 ਦਿਨ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਅੱਜ ਸ਼ਾਮ ਮੋਗਾ ਪਹੁੰਚੇ, ਜਿੱਥੇ ਮੇਨ ਚੌਕ ਮੋਗਾ ਵਿੱਚ ਮੋਗਾ ਸ਼ਹਿਰ ਦੀਆਂ ਖੂਨਦਾਨੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਜਨਰਲ ਸਕੱਤਰ ਅਮਰਜੀਤ ਜੱਸਲ, ਕੈਸ਼ੀਅਰ ਕ੍ਰਿਸ਼ਨ ਸੂਦ, ਬਲੱਡ ਡੋਨਰਜ ਕਲੱਬ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਗਿੱਲ, ਬਲੱਡ ਸੇਵਾ ਮੋਗਾ ਦੇ ਪ੍ਰਧਾਨ ਗੁਰਜੋਤ ਸਿੰਘ, ਸਕੱਤਰ ਸੰਦੀਪ ਸਿੰਘ, ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ, ਸਿਟੀ ਬਲੱਡ ਹੈਲਪ ਮੋਗਾ ਦੇ ਪ੍ਰਧਾਨ ਕਪਿਲ ਭਾਰਤੀ, ਡੇਰਾ ਸੱਚਾ ਸੌਦਾ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਰਧਾਨ ਵਿੱਕੀ ਕੁਮਾਰ, ਤਿੰਨ ਵਾਰ ਦੀ ਸਟੇਟ ਐਵਾਰਡੀ ਸੰਸਥਾ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ, ਸਟੇਟ ਐਵਾਰਡੀ ਰਾਜਪਾਲ ਕੌਰ ਅਤੇ ਬਲੱਡ ਬੈਂਕ ਮੋਗਾ ਦੇ ਇੰਚਾਰਜ ਸਟੀਫਨ ਸਿੱਧੂ ਨੇ ਗਰਮਜੋਸ਼ੀ ਨਾਲ ਜੈ ਦੇਵ ਦਾ ਸਵਾਗਤ ਕੀਤਾ। ਇਸ ਮੌਕੇ ਜੈ ਦੇਵ ਨੇ ਦੱਸਿਆ ਕਿ ਉਹ ਅਗਲੇ 9 ਮਹੀਨਿਆਂ ਦੌਰਾਨ ਭਾਰਤ ਦੀਆਂ ਸਾਰੀਆਂ ਸਟੇਟਾਂ ਦਾ ਦੌਰਾ ਕਰਕੇ ਹਰ ਘਰ ਵਿੱਚ ਖੂਨਦਾਨੀ ਦਾ ਸੁਨੇਹਾ ਦੇਣਗੇ। ਉਹਨਾਂ ਦੱਸਿਆ ਕਿ ਮੇਰੀ ਉਮਰ 53 ਸਾਲ ਹੈ ਤੇ ਮੈਂ ਹੁਣ ਤੱਕ 42 ਵਾਰ ਖੂਨਦਾਨ ਕਰ ਚੁੱਕਾ ਹਾਂ ਤੇ ਸਾਈਕਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਖੂਨਦਾਨ ਕਰਕੇ ਤੁਰਿਆ ਹਾਂ। ਉਹਨਾਂ ਦੱਸਿਆ ਕਿ ਵੈਸੇ ਤਾਂ ਹਰ ਸੂਬੇ ਦੀ ਆਪਣੀ ਵਿਸ਼ੇਸ਼ਤਾ ਹੈ ਪਰ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਨੇ ਉਸ ਨੂੰ ਕਾਇਲ ਕੀਤਾ ਹੈ। ਉਹਨਾਂ ਦੱਸਿਆ ਕਿ ਹਰ ਸ਼ਹਿਰ ਵਿੱਚ ਮੈਨੂੰ ਖੂਨਦਾਨੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਸ ਅੰਦਰ ਹੋਰ ਜੋਸ਼ ਪੈਦਾ ਹੋ ਰਿਹਾ ਹੈ। ਮੋਗਾ ਸ਼ਹਿਰ ਵਿੱਚ ਰਾਤ ਗੁਜਾਰਨ ਤੋਂ ਬਾਅਦ ਜੈ ਦੇਵ ਆਪਣੇ ਅਗਲੇ ਸਫਰ ਲਈ ਕੋਟਕਪੂਰਾ ਵੱਲ ਰਵਾਨਾ ਹੋ ਗਿਆ। ਇਸ ਮੌਕੇ ਬਲੱਡ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਅਸੀਂ ਪੂਰੇ ਪੰਜਾਬ ਵਿੱਚ ਇਸ ਯਾਤਰਾ ਨੂੰ ਸਹਿਯੋਗ ਕਰ ਰਹੇ ਹਾਂ ਤੇ ਇਸ ਨਾਲ ਖੂਨਦਾਨੀ ਸੰਸਥਾਵਾਂ ਵਿੱਚ ਵੀ ਇੱਕ ਨਵੇਂ ਜੋਸ਼ ਦਾ ਸੰਚਾਰ ਹੋਇਆ ਹੈ। ਯਾਤਰਾ ਦੇ ਅਗਲੇ ਪੰਧ ਤੇ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਐਨ ਜੀ ਓ ਸਿਖਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਨਰਜੀਤ ਕੌਰ, ਜਸਵੀਰ ਕੌਰ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਦੀਪਾ, ਹਰਦਿਆਲ ਸਿੰਘ, ਹਰਜੀਤ ਕੌਰ, ਵੀ ਪੀ ਸੇਠੀ ਅਤੇ ਬਲਕਰਨ ਸਿੰਘ ਆਦਿ ਹਾਜ਼ਰ ਸਨ।
