ਜਗਰਾਉਂ, 24 ਦਸੰਬਰ ( ਭਗਵਾਨ ਭੰਗੂ)-ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ.ਸਕੈ.ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਛੋਟੇ ਸਾਹਿਬਜ਼ਾਦਿਆਂ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਅਧਿਆਪਿਕਾ ਪਵਿੱਤਰ ਕੌਰ ਨੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਦਾ ਵਰਨਣ ਕਰਦਿਆਂ ਦੱਸਿਆ ਕਿ ‘ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ਵਿਚ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਨੀਹਾਂ ਵਿਚ ਚਿਣਵਾ ਦਿੱਤਾ ਤੇ ਉਸ ਸਮੇਂ ਮਾਤਾ ਗੁਜਰੀ ਜੀ ਨੇ ਵੀ ਚੋਲਾ ਤਿਆਗ ਦਿੱਤਾ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਅਤੇ ਧਰਮ ਦੀ ਖ਼ਾਤਰ ਆਪਣਾ ਸਰਬੰਸ ਵਾਰ ਦਿੱਤਾ।ਇਸ ਮੌਕੇ ਤੇ ਬੱਚਿਆਂ ਵਲੋਂ ਸ਼ਬਦ ‘ਵੇਲਾ ਆ ਗਿਆ ਏ, ਦਾਦੀਏ ਜੁਦਾਈ ਦਾ’ , ‘ ਸਾਕੇ ਤਾਂ ਬਹੁਤ ਹੋਏ ਸਾਕਾਂ ਵੱਖਰਾ ਏ ਸਰਹਿੰਦ ਦਾ’, ਮੂਲ ਮੰਤਰ ਦਾ ਪਾਠ, ਵਾਹਿਗੁਰੂ ਦਾ ਜਾਪ ਕੀਤਾ। ਇਸ ਦੇ ਨਾਲ ਹੀ ਅਧਿਆਪਿਕਾ ਪਵਿੱਤਰ ਕੌਰ ਨੇ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਧਾਰਮਿਕ ਗੀਤ ਗਾਇਆ, ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆ। ਅੰਤ ਵਿੱਚ ਫ਼ਤਹਿ ਬੁਲਾ ਕੇ ਇਸ ਪਵਿੱਤਰ ਦਿਹਾੜੇ ਦਾ ਸਮਾਪਨ ਕੀਤਾ ਗਿਆ। ਪਿ੍ੰ. ਨੀਲੂ ਨਰੂਲਾ ਨੇ ਇਸ ਮੌਕੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣੇ ਫੈਸਲੇ ਤੇ ਅਡਿੱਗ ਰਹਿਣਾ ਚਾਹੀਦਾ ਹੈ। ਹਰ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਆਪਣੇ ਗੁਰੂ ਦੇ ਦੱਸੇ ਹੁਕਮਾਂ ਤੇ ਚੱਲਣਾ ਚਾਹੀਦਾ ਹੈ।
