ਤਰਨਤਾਰਨ (ਵਿਕਾਸ ਮਠਾੜੂ-ਧਰਮਿੰਦਰ ) ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਦੇ ਵੱਡੇ ਜਥੇ ਸੂਬਾ ਪ੍ਰਧਾਨ ਨਿਰਵੈਲ ਸਿੰਘ ਡਾਲੇਕੇ ਦੀ ਅਗਵਾਈ ਵਿਚ ਰਵਾਨਾ ਹੋਏ। ਜਿਸ ਵਿਚ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਕੱਦਗਿੱਲ, ਜਥੇਬੰਦਕ ਸਕੱਤਰ ਸਤਿਨਾਮ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਤੱਖਤਮਲ ਤੋਂ ਇਲਾਵਾ ਜ਼ਿਲ੍ਹੇ ਅਤੇ ਵੱਖ-ਵੱਖ ਬਲਾਕ ਆਗੂ ਕਿਸਾਨਾਂ ਸਮੇਤ ਸ਼ਾਮਲ ਹੋਏ। ਇਕੱਤਰ ਕਿਸਾਨਾਂ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਜੋਰਦਾਰ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨਿਰਵੈਲ ਸਿੰਘ ਡਾਲੇਕੇ ਨੇ ਕਿਹਾ ਕਿ ਅੱਜ 32 ਕਿਸਾਨ ਜਥੇਬੰਦੀਆਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਠੇ ਹੋ ਕੇ ਕੌਮੀ ਇਨਸਾਫ ਮੋਰਚੇ ਵਿਚ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਚੰਡੀਗੜ੍ਹ, ਮੋਹਾਲੀ ਦੀ ਹੱਦ ‘ਤੇ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ, ਜਿਸ ਵਿਚ ਅੱਜ ਹਜ਼ਾਰਾਂ ਕਿਸਾਨ ਆਗੂ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿੱਖ ਕੈਦੀਆਂ ਦੇ ਨਾਲ ਨਾਲ ਦੇਸ਼ ਭਰ ਦੀਆਂ ਜੇਲ੍ਹਾਂ ਵਿਚ ਬੰਦ ਸਾਰੇ ਪੱਤਰਕਾਰ, ਬੁੱਧੀਜੀਵੀ, ਵਿਦਿਆਰਥੀ ਅਤੇ ਸਿਆਸੀ ਕਾਰਕੁਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਲਈ ਲੜਾਈ ਲੜਦੀ ਰਹੇਗੀ। ਇਸ ਮੌਕੇ ਅਮੋਲਕ ਸਿੰਘ ਗੋਰਖਾ, ਗੁਰਮੇਜ ਸਿੰਘ ਗੋਰਖਾ, ਸਤਨਾਮ ਸਿੰਘ, ਹਰਭਾਲ ਸਿੰਘ ਕੱਦਗਿੱਲ, ਧੀਰ ਸਿੰਘ ਕੱਦਗਿੱਲ, ਗੁਰਨਾਮ ਸਿੰਘ, ਦਵਿੰਦਰ ਸਿੰਘ ਤੱਖਤਮੱਲ, ਨਰਿੰਦਰ ਸਿੰਘ ਖਹਿਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਹੋਏ।