ਚੰਡੀਗੜ੍ਹ (ਲਿਕੇਸ ਸ਼ਰਮਾ ) ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਹੁਣ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਗਾਈ ਗਜ਼ਲ, ਹੂਈ ਮਹਿੰਗੀ ਬਹੁਤ ਸ਼ਰਾਬ ਕਿ ਥੋੜੀ ਥੋੜੀ ਪੀਆ ਕਰੋ…ਵਾਲੀ ਸ਼ਿਕਾਇਤ ਨੂੰ ਪੰਜਾਬ ਸਰਕਾਰ ਨੇ ਦੂਰ ਕਰ ਦਿੱਤਾ ਹੈ।ਸੂਬਾ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ‘ਚ ਵਿਦੇਸ਼ੀ ਦਰਾਮਦ ਸ਼ਰਾਬ ਨੂੰ ਸਸਤਾ ਕਰ ਦਿੱਤਾ ਹੈ। ਹੁਣ ਇਹ ਲਗਭਗ 100 ਤੋਂ 200 ਰੁਪਏ ਪ੍ਰਤੀ ਬੋਤਲ ਸਸਤੀ ਹੋ ਜਾਵੇਗੀ।ਪੰਜਾਬ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਵਿਦੇਸ਼ੀ ਦਰਾਮਦ ਸ਼ਰਾਬ ਸਸਤੀ ਹੋ ਜਾਵੇਗੀ ਪਰ ਇਸ ਦੇ ਨਾਲ ਹੀ ਪੰਜਾਬ ‘ਚ ਬਣਨ ਵਾਲੀ ਸ਼ਰਾਬ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪੰਜਾਬ ‘ਚ ਸਭ ਤੋਂ ਵੱਧ ਖਪਤ ਇਸੇ ਦੀ ਹੈ।
ਧਿਆਨਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਜੋ ਵੀ ਆਬਕਾਰੀ ਨੀਤੀ ਬਣੀ ਹੈ, ਉਸ ਵਿਚ ਹਰਿਆਣਾ ਤੇ ਚੰਡੀਗੜ੍ਹ ਤੋਂ ਸ਼ਰਾਬ ਮਹਿੰਗੀ ਹੋਣ ਕਾਰਨ ਵੱਡੀ ਮਾਤਰਾ ‘ਚ ਤਸਕਰੀ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਇਨ੍ਹਾਂ ਦੋਵਾਂ ਰਾਜਾਂ ਦੇ ਨਾਲ ਲੱਗਦੇ ਖੇਤਰਾਂ ਦੇ ਠੇਕੇ ਜਾਂ ਤਾਂ ਨਿਲਾਮ ਨਹੀਂ ਹੋਏ ਜਾਂ ਘਾਟੇ ਵਿਚ ਰਹਿੰਦੇ ਸਨ। ਹੁਣ ਸ਼ਰਾਬ ਸਸਤੀ ਕਰਨ ਨਾਲ ਉਲਟਾ ਅਸਰ ਹੋਇਆ ਹੈ। ਇਸ ਨੀਤੀ ਕਾਰਨ ਪੰਜਾਬ ਦੀ ਆਮਦਨ ‘ਚ ਵੀ ਚੋਖਾ ਵਾਧਾ ਹੋਇਆ ਹੈ।ਪਿਛਲੀ ਸਰਕਾਰ ਵੇਲੇ ਜੋ ਆਮਦਨ ਸਿਰਫ਼ 6200 ਕਰੋੜ ਰੁਪਏ ‘ਤੇ ਰੁਕੀ ਹੋਈ ਸੀ, ਉਹ ਸਿਰਫ਼ ਦੋ ਸਾਲਾਂ ਵਿੱਚ 10,000 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਗਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਨਾਲ ਪਿਛਲੇ ਸਾਲ ਦੇ ਮੁਕਾਬਲੇ ਆਮਦਨ ਵਿੱਚ 622 ਕਰੋੜ ਰੁਪਏ ਦਾ ਵਾਧਾ ਹੋਵੇਗਾ। ਹਰਪਾਲ ਚੀਮਾ ਨੇ ਇਹ ਵੀ ਕਿਹਾ ਕਿ ਨੀਤੀ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਕੀਤੀ ਗਈ ਹੈ।
ਪੰਜਾਬ ਸਰਕਾਰ ਨੇ ਪਿਛਲੇ ਸਾਲ ਹੀ ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੁਣੌਤੀ ਪੇਸ਼ ਕਰ ਦਿੱਤੀ ਸੀ। ਸ਼ਰਾਬ ਦਾ ਕੋਟਾ ਅਨਲਿਮਟਿਡ ਕਰ ਦਿੱਤੀ ਸੀ, ਜਿਸ ਕਾਰਨ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (IMFL) ਤੇ ਦੇਸੀ ਸ਼ਰਾਬ ਦੀ ਕੀਮਤ ਚੰਡੀਗੜ੍ਹ ਤੇ ਹਰਿਆਣਾ ਨਾਲੋਂ ਸਸਤੀ ਹੋ ਗਈ। ਇਸ ਤੋਂ ਇਲਾਵਾ ਦੇਸੀ ਸ਼ਰਾਬ ਦਾ ਕੋਟਾ ਵੀ ਤਿੰਨ ਫੀਸਦੀ ਵਧਾ ਦਿੱਤਾ ਗਿਆ ਹੈ।
ਨੀਤੀ ‘ਚ ਬਦਲਾਅ ਕਰਦਿਆਂ ਸਰਕਾਰ ਨੇ ਟੈਂਡਰ ਪ੍ਰਕਿਰਿਆ ਦੀ ਬਜਾਏ ਡਰਾਅ ਦੇ ਆਧਾਰ ’ਤੇ ਦੁਕਾਨਾਂ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਇਸ ਧੰਦੇ ਵਿੱਚ ਆਉਣ ਦਾ ਮੌਕਾ ਮਿਲੇਗਾ ਅਤੇ ਕੀਮਤਾਂ ਵਿੱਚ ਮੁਕਾਬਲੇਬਾਜ਼ੀ ਵਧੇਗੀ।