Home ਪਰਸਾਸ਼ਨ ਖਾਨਗੀ ਤਕਸੀਮ ਪੋਰਟਲ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਖੇਵਟਦਾਰ : ਰਾਜਦੀਪ...

ਖਾਨਗੀ ਤਕਸੀਮ ਪੋਰਟਲ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਖੇਵਟਦਾਰ : ਰਾਜਦੀਪ ਕੌਰ

53
0


-ਇਕ ਕਲਿੱਕ ਰਾਹੀਂ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਕੀਤੀਆਂ ਜਾ ਸਕਦੀਆ ਹਨ ਅਪਲੋਡ

ਮਾਲੇਰਕੋਟਲਾ 26 ਦਸੰਬਰ : ( ਅਸ਼ਵਨੀ, ਮੋਹਿਤ ਜੈਨ)-ਪੰਜਾਬ ਸਰਕਾਰ ਵਲੋਂ ਖਾਨਗੀ ਤਕਸੀਮ (ਜ਼ਮੀਨ-ਜਾਇਦਾਦ ਦੀ ਵੰਡ) ਨੂੰ ਦਰਜ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਤੇ ਸੁਚਾਰੂ ਬਣਾਉਣ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ’ਤੇ ਇਕ ਕਲਿੱਕ ਰਾਹੀਂ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਅਪਲੋਡ ਕੀਤੀਆਂ ਜਾ ਸਕਦੀਆਂ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਮਿਸ ਰਾਜਦੀਪ ਕੌਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਹ ਨਾਗਰਿਕ ਕੇਂਦਰਿਤ ਪਹਿਲਕਦਮੀ ਹੱਦਬੰਦੀ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਵਿੱਚ ਅਹਿਮ ਸਾਬਤ ਹੋ ਰਹੀ ਹੈ ਅਤੇ ਇਸ ਨਾਲ ਵਿਵਾਦਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਜਾ ਰਿਹਾ ਹੈ। ਇਸ ਆਨਲਾਈਨ ਪੋਰਟਲ ਨੇ ਖਾਨਗੀ ਤਕਸੀਮ ਦਰਜ਼ ਕਰਨ ਦਾ ਕੰਮ ਸੁਖਾਲਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਖਾਨਗੀ ਤਕਸੀਮ ਲਈ ਜਾਰੀ ਆਨਲਾਈਨ ਪੋਰਟਲ ਦਾ ਖੇਵਟਦਾਰਾਂ ਨੂੰ ਵੱਧ ਤੋਂ ਵੱਧ ਫ਼ਾਇਦਾ ਲੈਣ ਦੀ ਅਪੀਲ ਕਰਦਿਆਂ ਉਨ੍ਹਾਂ  ਜ਼ਿਲ੍ਹੇ ਦੇ ਮਾਲ ਅਫ਼ਸਰਾਂ ਨੂੰ ਇਸ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀਆਂ ਹਦਾਇਤਾਂ ਕੀਤੀ । ਉਨ੍ਹਾਂ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ/ਨਾਇਬ ਤਹਿਸੀਦਾਰਾਂ  ਨੂੰ ਆਪਣੇ ਦਫ਼ਤਰਾਂ ’ਚ ਇਸ ਇਸ ਸਬੰਧੀ ਆਮ ਲੋਕਾਂ ਨੂੰ ਮੁਕੰਮਲ ਜਾਣਕਾਰੀ ਦੇਣ ਲਈ ਬੈਨਰ ਲਗਾਉਣ ਲਈ ਆਖਿਆ ਅਤੇ ਕਿਹਾ ਕਿ ਕਿਹਾ ਕਿ ਕੋਈ ਵੀ ਖੇਵਟਦਾਰ ਆਪਣੀ ਸਾਂਝੀ ਖੇਵਟ ਸਬੰਧੀ, ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਖਾਨਗੀ ਤਕਸੀਮ ਦਾ ਦਸਤਾਵੇਜ਼ ਸ਼ਾਮਿਲ ਕਰਕੇ ਦਰਖਾਸਤ ਆਨਲਾਈਨ ਪੋਰਟਲ  https://eservices.punjab.gov.in  ਉੱਪਰ ਅਪਲੋਡ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਦਰਖਾਸਤ ਬਿਨੈਕਾਰ/ਖੇਵਟਦਾਰ ਦਾ ਨਾਮ, ਪਿਤਾ/ਪਤੀ ਦਾ ਨਾਮ, ਪਿੰਡ ਦਾ ਨਾਮ, ਸਬ ਤਹਿਸੀਲ/ਤਹਿਸੀਲ ਦਾ ਨਾਮ, ਜ਼ਿਲ੍ਹੇ ਦਾ ਨਾਮ, ਖਾਤਾ ਤੇ ਖੇਵਟ ਨੰਬਰ ਸਮੇਤ ਇੱਕ ਸਾਦਾ ਅਰਜ਼ੀ ਜਿਸ ਵਿੱਚ ਤਜ਼ਵੀਜ਼ਤ ਵੰਡ ਦਾ ਮੈਮੋਰੈਂਡਮ ਸਮੇਤ ਨਕਸ਼ਾ ਜੋ ਕਿ ਸਬੰਧਤ ਜ਼ਮੀਨ ਦੇ ਹਿੱਸਿਆ ਨੂੰ ਸਪੱਸ਼ਟ ਕਰਦਾ ਹੋਵੇ, ਸਾਰੇ ਹਿੱਸੇਦਾਰਾਂ ਦੇ ਦਸਤਖ਼ਤ ਕਰਵਾ ਕੇ ਅਪਲੋਡ ਕੀਤੀ ਜਾਵੇ। ਅਪਲੋਡ ਕੀਤੀ ਗਈ ਇਹ ਦਰਖਾਸਤ ਪਹਿਲਾਂ ਸਰਕਲ ਮਾਲ ਅਫ਼ਸਰ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਤੋਂ ਕਾਨੂੰਗੋ ਅਤੇ ਉਸ ਤੋਂ ਬਾਅਦ ਕਾਨੂੰਗੋ ਤੋਂ ਸਬੰਧਤ ਪਟਵਾਰੀ ਨੂੰ ਤਸਦੀਕ ਹੋਣ ਲਈ ਜਾਵੇਗੀ। ਉਸ ਤੋਂ ਬਾਅਦ ਪਟਵਾਰੀ ਵੱਲੋਂ ਸਬੰਧਤ ਧਿਰਾਂ ਨੂੰ ਬੁਲਾ ਕੇ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਕੇ, ਇੰਤਕਾਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਪ੍ਰਕਿਰਿਆ ਪੂਰੀ ਹੋਣ ਬਾਅਦ ਪਟਵਾਰੀ ਤੋਂ ਕਾਨੂੰਗੋ ਰਾਹੀਂ ਇਹ ਅਰਜ਼ੀ ਸਬੰਧਤ ਸਰਕਲ ਮਾਲ ਅਫ਼ਸਰ (ਸਹਾਇਕ ਕੁਲੈਕਟਰ ਦਰਜਾ-2) ਕੋਲ ਅੰਤਮ ਹੁਕਮਾਂ ਲਈ ਆਵੇਗੀ।ਉਨ੍ਹਾਂ ਦੱਸਿਆ ਕਿ ਘਰੇਲੂ/ਖਾਨਗੀ ਤਕਸੀਮ ਰਾਹੀਂ ਜ਼ਮੀਨ ਦੇ ਸਾਂਝੇ ਖਾਤੇ ਦੇ ਹਰ ਮਾਲਕ ਦੀ ਸਹਿਮਤੀ ਰਾਹੀਂ ਵੱਖਰਾ ਖਾਤਾ ਤਿਆਰ ਹੋਵੇਗਾ, ਜਿਸ ਨਾਲ ਆਪਸੀ ਝਗੜੇ ਘਟਣਗੇ, ਨਿਸ਼ਾਨਦੇਹੀ ਕਰਵਾਉਣੀ ਸੌਖੀ ਹੋ ਜਾਵੇਗੀ, ਜ਼ਮੀਨ ਨੂੰ ਖਰੀਦਣਾ ਤੇ ਵੇਚਣਾ ਅਸਾਨ ਹੋਵੇਗਾ, ਜਮ੍ਹਾਂਬੰਦੀ ਦੀ ਫਰਦ ਇੱਕੋ ਮਾਲਕ ਦੀ ਹੋਣ ਕਰਕੇ ਘੱਟ ਕਾਗਜ਼ਾਂ ’ਤੇ ਸਸਤੀ ਅਤੇ ਜਲਦੀ ਮਿਲੇਗੀ, ਬੇਲੋੜੇ ਆੜ-ਰਹਿਣ ਅਤੇ ਅਦਾਲਤੀ ਹੁਕਮਾਂ ਦੇ ਇੰਦਰਾਜਾਂ ਤੋਂ ਨਿਜਾਤ ਮਿਲੇਗੀ, ਭੌਂ ਪ੍ਰਾਪਤੀ ਅਸਾਨ ਹੋਵੇਗੀ ਤੇ ਭੌਂ ਪ੍ਰਾਪਤੀ ਦੇ ਮੁਆਵਜ਼ੇ ਦੀ ਵੰਡ ਵੀ ਸਰਲ ਹੋ ਜਾਵੇਗੀ ਅਤੇ ਖਰਾਬੇ ਦਾ ਮੁਆਵਜ਼ਾ ਮਿਲਣਾ ਵੀ ਸਰਲ ਹੋ ਜਾਵੇਗਾ।

LEAVE A REPLY

Please enter your comment!
Please enter your name here