ਫ਼ਤਹਿਗੜ੍ਹ ਸਾਹਿਬ, 29 ਦਸੰਬਰ:( ਵਿਕਾਸ ਮਠਾੜੂ ) -ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਜਥੇ ਅਤੇ ਵਲੰਟੀਅਰਾਂ ਵੱਲੋਂ ਸ਼ਹੀਦੀ ਸਭਾ ਦੌਰਾਨ ਤੇ ਉਸ ਤੋਂ ਪਹਿਲਾਂ ਤਿਆਰੀਆਂ ਸਬੰਧੀ 24 ਘੰਟੇ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਗਈ। ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਥੇ ਦੇ ਮੈਂਬਰਾਂ ਤੇ ਵਲੰਟੀਅਰਾਂ ਦਾ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਸਨਮਾਨ ਤੇ ਧਨਵਾਦ ਕੀਤਾ, ਜਿਨ੍ਹਾਂ ਵਿਚ ਬਾਬਾ ਆਤਮਾ ਸਿੰਘ, ਬਾਬਾ ਅਮਰਜੀਤ ਸਿੰਘ, ਵਲੰਟੀਅਰ ਇੰਚਾਰਜ ਬਲਵਿੰਦਰ ਸਿੰਘ, ਸੇਵਾਦਾਰ ਹਰਦੇਵ ਸਿੰਘ ਸਮੇਤ ਹੋਰ ਵਲੰਟੀਅਰ ਸ਼ਾਮਲ ਸਨ।
ਇਸ ਮੌਕੇ ਰਾਏ ਨੇ ਕਿਹਾ ਕਿ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਹੋਈ ਸ਼ਹੀਦੀ ਸਭਾ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਏ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ, ਜਿਨ੍ਹਾਂ ਸਬੰਧੀ ਵੱਖੋ ਵੱਖ ਸੰਸਥਾਵਾਂ ਵੱਲੋਂ ਉਚੇਚਾ ਸਹਿਯੋਗ ਦਿੱਤਾ ਗਿਆ।ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਵੱਲੋਂ ਭੇਜੀਆਂ ਗਈਆਂ ਮਸ਼ੀਨਾਂ ਨਾਲ ਸਫਾਈ ਦੀ ਮੁਹਿੰਮ ਜੰਗੀ ਪੱਧਰ ਉੱਤੇ ਚਲਦੀ ਰਹੀ। ਸੰਤ ਭੂਰੀ ਵਾਲਿਆਂ ਵੱਲੋਂ ਦਿੱਤੇ ਸਹਿਯੋਗ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ।ਵਿਧਾਇਕ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਦੁਨੀਆਂ ਭਰ ਵਿੱਚ ਸਤਿਕਾਰੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਕਾਰਨ ਸੰਗਤ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਸੰਗਤ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿਲ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਜਗਜੀਤ ਸਿੰਘ, ਅਮਰਿੰਦਰ ਮੰਡੋਫਲ, ਪ੍ਰਿਤਪਾਲ ਜੱਸੀ, ਰਮੇਸ਼ ਕੁਮਾਰ ਸੋਨੂੰ, ਨਾਹਰ ਸਿੰਘ, ਹਰਵਿੰਦਰ ਸਿੰਘ ਨੰਬਰਦਾਰ, ਮਾਨਵ ਟਿਵਾਣਾ, ਬਹਾਦਰ ਖਾਨ, ਰਣਬੀਰ ਸਿੰਘ, ਜਗਰੂਪ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।