ਜਗਰਾਉਂ, 18 ਜਨਵਰੀ ( ਰੋਹਿਤ ਗੋਇਲ, ਅਸ਼ਵਨੀ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ। ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੁੰਗੀ ਨੰਬਰ ਪੰਜ ਜਗਰਾਉਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਈਸ਼ਰ ਹਲਵਾਈ ਚੌਕ ਨੇੜੇ ਅਗਵਾੜ ਗੁੱਜਰਾਂ ਦਾ ਰਹਿਣ ਵਾਲਾ ਕਮਲਜੀਤ ਸਿੰਘ ਉਰਫ ਲਵਲੀ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਅਫੀਮ ਲਿਆ ਕੇ ਜਗਰਾਓਂ ਇਲਾਕੇ ’ਚ ਮਹਿੰਗੇ ਭਾਅ ’ਤੇ ਵੇਚਣ ਦਾ ਧੰਦਾ ਕਰਦਾ ਹੈ। ਇਸ ਸਮੇਂ ਅਫੀਮ ਦੀ ਸਪਲਾਈ ਕਰਨ ਲਈ ਉਹ ਜਗਰਾਉਂ ਰਾਏਕੋਟ ਰੋਡ ’ਤੇ ਭੱਠੇ ਦੇ ਸਾਹਮਣੇ ਸੂਏ ਦੇ ਨਾਲ ਜਾਂਦੀ ਪੱਕੀ ਸੜਕ ’ਤੇ ਪਿੰਡ ਕੋਠੇ ਰਾਹਲਾਂ ਨੂੰ ਜਾ ਰਿਹਾ ਹੈ। ਇਸ ਸੂਚਨਾ ’ਤੇ ਰਾਏਕੋਟ ਰੋਡ ’ਤੇ ਸੂਏ ਨੇੜੇ ਪਿੰਡ ਕੋਠੇ ਰਾਹਲਾਂ ਵਾਲੀ ਰੋਡ ’ਤੇ ਛਾਪੇਮਾਰੀ ਕਰਕੇ ਕਮਲਜੀਤ ਸਿੰਘ ਉਰਫ ਲਵਲੀ ਨੂੰ ਇਕ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਉਸ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।