ਸਪੀਕਰ ਸੰਧਵਾਂ ਨੇ ਕਿਸਾਨ ਜਸਪ੍ਰੀਤ ਸਿੰਘ ਦੇ ਚੀਮਾ ਸਟ੍ਰਾਅਬੇਰੀ ਫਾਰਮ ਦਾ ਕੀਤਾ ਦੌਰਾ
ਮੋਗਾ, 4 ਮਾਰਚ ( ਅਸ਼ਵਨੀ) -ਕੁਦਰਤੀ ਸਰੋਤਾਂ ਹਵਾ, ਮਿੱਟੀ, ਪਾਣੀ ਨੂੰ ਦੂਸਿ਼ਤ ਹੋਣ ਤੋਂ ਬਚਾਉਣ ਲਈ ਸੂਬੇ ਵਿੱਚ ਖੇਤੀਬਾੜੀ ਵਿਭਿੰਨਤਾ ਲਿਆਉਣ ਦੀ ਸਖਤ ਜਰੂਰਤ ਹੈ। ਪੰਜਾਬ ਵਿੱਚ ਬਹੁਤ ਸਾਰੇ ਖੇਤੀਬਾੜੀ ਉੱਦਮੀ ਹਨ ਜਿਹੜੇ ਖੇਤੀਬਾੜੀ ਵਿਭਿੰਨਤਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਸਰਕਾਰ ਅਜਿਹੇ ਉਦਮੀਆਂ ਦੀ ਸ਼ਲਾਘਾ ਕਰਦੀ ਹੈ, ਉਨ੍ਹਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਗਾ ਵਿਖੇ ਕੀਤਾ। ਉਹ ਅੱਜ ਇੱਥੇ ਤਲਵੰਡੀ ਭੰਗੇਰੀਆਂ ਦੇ ਕਿਸਾਨ ਜ਼ਸਪ੍ਰੀਤ ਸਿੰਘ ਦੇ ਚੀਮਾ ਸਟ੍ਰਾਅਬਸਰੀ ਫਾਰਮ ਦਾ ਦੌਰਾ ਕਰਨ ਪਹੁੰਚੇ ਸਨ। ਜਸਪ੍ਰੀਤ ਸਿੰਘ ਆਪਣੀ ਸਵਾ ਏਕੜ ਜਮੀਨ ਉੱਪਰ ਕਣਕ ਝੋਨੇ ਦੇ ਰਿਵਾਇਤੀ ਖੇਤੀਬਾੜੀ ਚੱਕਰ ਵਿੱਚੋਂ ਨਿਕਲ ਕੇ ਸਟ੍ਰਾਅਬੇਰੀ ਦੀ ਸਫ਼ਲ ਅਤੇ ਮੁਨਾਫ਼ੇ ਵਾਲੀ ਕਾਸ਼ਤ ਕਰ ਰਿਹਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਉਨ੍ਹਾਂ ਦੇ ਖੇਤ ਵਿੱਚ ਉਸਨੂੰ ਹੱਲਾਸ਼ੇਰੀ ਦੇਣ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਖਤੀਬਾੜੀ ਵਿਭਾਗ ਦੇ ਨੁਮਾਇੰਦੇ ਵੀ ਮੌਜੂਦ ਸਨ। ਸਪੀਕਰ ਕੁਲਤਾਰ ਸਿੰਘ ਨੇ ਉਨ੍ਹਾਂ ਦੇ ਖੇਤ ਵਿੱਚ ਹੀ ਕਿਸਾਨਾਂ ਨਾਲ ਸਵੇਰ ਦੀ ਰੋਟੀ ਵੀ ਖਾਧੀ ਅਤੇ ਵਿਚਾਰ ਚਰਚਾਵਾਂ ਕੀਤੀਆਂ। ਉਨ੍ਹਾਂ ਕਿਸਾਨ ਜਸਪ੍ਰੀਤ ਸਿੰਘ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਕਿਸਾਨ ਜਿਹੜੇ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਆਪਣਾ ਵੱੱਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਹੇ ਹਨ ਉਨ੍ਹਾਂ ਨਾਲ ਪੰਜਾਬ ਸਰਕਾਰ ਹਮੇਸ਼ਾ ਖੜ੍ਹੀ ਹੈ। ਕਿਸਾਨ ਜਸਪ੍ਰੀਤ ਸਿੰਘ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਪੀਕਰ ਨੇ ਉਸਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਅਤੇ ਹੋਰ ਸਹਾਇਤਾ ਲਈ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਜਿੰਨੀ ਹੋ ਸਕੇ ਉਨ੍ਹਾਂ ਦੀ ਆਰਥਿਕ ਮੱਦਦ ਵੀ ਸਬੰਧਤ ਵਿਭਾਗਾਂ ਵੱਲੋਂ ਕਰਵਾਉਣਗੇ।ਜਿਕਰਯੋਗ ਹੈ ਕਿ ਤਲਵੰਡੀ ਭੰਗੇਰੀਆਂ ਦਾ ਕਿਸਾਨ ਜ਼ਸਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਰਿਵਾਇਤੀ ਖੇਤੀਬਾੜੀ ਵਿੱਚੋਂ ਨਿਕਲ ਕੇ ਆਪਣੀ ਸਵਾ ਏਕੜ ਜ਼ਮੀਨ ਵਿੱਚ ਸਟ੍ਰਾਅਬੇਰੀ ਦੀ ਖੇਤੀ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਕਿਸਾਨ ਆਪਣੀ ਫ਼ਸਲ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਵੀ ਖੁਦ ਕਰਕੇ ਆਪਣੇ ਪਿੰਡ ਵਾਸੀਆਂ ਲਈ ਰੋਜ਼ਗਾਰ ਦਾ ਜਰੀਆ ਬਣਿਆ ਹੋਇਆ ਹੈ। ਉਸਨੇ ਕਿਹਾ ਕਿ ਸਟ੍ਰਾਅਬੇਰੀ ਦੀ ਕਾਸ਼ਤ ਕਰਕੇ ਉਹ ਕਣਕ ਝੋਨੇ ਦੀ ਫ਼ਸਲ ਤੋਂ ਹੋਣ ਵਾਲੀ ਕਮਾਈ ਤੋਂ ਤਿੰਨ ਗੁਣਾ ਜਿਆਦਾ ਕਮਾ ਰਿਹਾ ਹੈ। ਉਸਨੇ ਕਿਹਾ ਕਿ ਉਸਦੀ ਸਟ੍ਰਾਅਬੇਰੀ ਮੋਗਾ, ਫਿਰੋਜ਼ਪੁਰ, ਕੋਟਕਪੂਰਾ, ਬਾਘਾਪੁਰਾਣਾ, ਜਗਰਾਉਂ, ਲੁਧਿਆਣਾ ਸ਼ਹਿਰਾਂ ਵਿੱਚ ਧੜੱਲੇ ਨਾਲ ਵਿਕ ਰਹੀ ਹੈ। ਉਸਨੇ ਕਿਹਾ ਕਿ ਵਿਟਾਮਿਨਾਂ ਨਾਲ ਭਰਪੂਰ ਸਟ੍ਰਾਅਬੇਰੀ ਜਿਹੜੀ ਕਿ ਕੈਂਸਰ ਨਾਲ ਲੜਨ, ਖੂਨ ਵਿੱਚ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਸਹਾਈ ਸਿੱਧ ਹੁੰਦੀ ਹੈ ਨੂੰ ਸ਼ੂਗਰ ਦੇ ਮਰੀਜ ਵੀ ਬਿਨ੍ਹਾਂ ਕਿਸੇ ਮਾੜੇ ਪ੍ਰਭਾਵ ਦੇ ਖਾ ਸਕਦੇ ਹਨ। ਉਸਨੇ ਕਿਹਾ ਕਿ ਇਹ ਫ਼ਸਲ ਝੋਨੇ ਦੀ ਫ਼ਸਲ ਨਾਲੋਂ 92 ਪ੍ਰਤੀਸ਼ਤ ਘੱਟ ਪਾਣੀ ਲੈਂਦੀ ਹੈ ਇਸ ਨਾਲ ਕੁਦਰਤੀ ਦੇ ਵੱਡਮੁੱਲੇ ਸਰੋਤ ਪਾਣੀ ਦੀ ਵੀ ਬੱਚਤ ਹੁੰਦੀ ਹੈ।ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਫ਼ਸਲ ਲਈ ਕਿਸਾਨਾਂ ਨੂੰ ਸਬਸਿਡੀਜ਼, ਪ੍ਰੋਸੈਸਿੰਗ ਪਲਾਂਟ ਲਗਾੳਣ ਬਾਰੇ ਅਤੇ ਹੋਰ ਮੱਦਦਾਂ ਲਈ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਛੇਤੀ ਰਾਬਤਾ ਕਰਨਗੇ।
