ਕਾਲਜ ਪ੍ਰਬੰਧਕਾਂ ਨੂੰ ਕਾਲਜ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਏਜੰਸੀ ਬਦਲਣ ਦੀਆਂ ਹਦਾਇਤਾਂ
ਫਤਹਿਗੜ੍ਹ ਸਾਹਿਬ, 4 ਜਨਵਰੀ ( ਲਿਕੇਸ਼ ਸ਼ਰਮਾਂ)-ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਬੀਤੀ ਰਾਤ ਵਾਪਰੇ ਘਟਨਾਕ੍ਰਮ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਬਾਬਤ ਪੁਲੀਸ ਵੱਲੋਂ ਐਫ.ਆਈ.ਆਰ.ਦਰਜ ਕਰ ਦਿੱਤੀ ਗਈ ਹੈ ਅਤੇ ਇਸ ਵੇਲੇ ਕਾਲਜ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਵਿਦਿਆਰਥੀ ਆਪੋ ਆਪਣੀਆਂ ਕਲਾਸਾਂ ਤੇ ਹੋਸਟਲਾਂ ਵਿੱਚ ਆਮ ਵਾਂਗ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਸਬੰਧੀ ਕਿਸੇ ਵੀ ਕਿਸਮ ਦੀ ਅਫਵਾਹ ਉੱਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ ਅਤੇ ਇਸ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ, ਕਾਲਜ ਮੈਨੇਜਮੈਂਟ ਅਤੇ ਵਿਦਿਆਰਥੀਆਂ ਨਾਲ ਹੋਈ ਮੀਟਿੰਗ ਦੌਰਾਨ ਵਿਦਿਆਰਥੀਆਂ ਵੱਲੋਂ ਸੁਰੱਖਿਆ ਸਬੰਧੀ ਜਿਹੜੇ ਮਸਲੇ ਚੁੱਕੇ ਗਏ ਸਨ, ਉਨ੍ਹਾਂ ਦੇ ਹੱਲ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਘਟਨਾਕ੍ਰਮ ਸਬੰਧੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਕਾਲਜ ਪ੍ਰਬੰਧਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਾਲਜ ਵਿਖੇ ਤਾਇਨਾਤ ਸੁਰੱਖਿਆ ਏਜੰਸੀ ਨੂੰ ਬਦਲ ਕੇ ਕਿਸੇ ਅਜਿਹੀ ਏਜੰਸੀ ਨੂੰ ਸੁਰੱਖਿਆ ਦਾ ਜ਼ਿੰਮਾ ਦਿੱਤਾ ਜਾਵੇ ਜਿਹੜੀ ਆਪਣੇ ਕੰਮ ਵਿੱਚ ਨਿਪੁੰਨਤਾ ਰੱਖਦੇ ਹੋਏ ਸੁਰੱਖਿਆ ਬਹਾਲ ਰੱਖਣੀ ਹਰ ਹਾਲ ਵਿੱਚ ਯਕੀਨੀ ਬਣਾਏ। ਇਸਦੇ ਨਾਲ ਨਾਲ ਜਿਹੜੇ ਵਿਦਿਆਰਥੀ ਕਾਲਜ ਕੈਂਪਸ ਵਿੱਚ ਰਹਿ ਕੇ ਪੜ੍ਹਾਈ ਕਰਦੇ ਹਨ ਉਨ੍ਹਾਂ ਵਿਦਿਆਰਥੀਆਂ ਨੂੰ ਦਿਨ ਵੇਲੇ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਤੋਂ ਵੱਖਰੇ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ। ਕਾਲਜ ਕੈਂਪਸ ਵਿੱਚ ਕਿਸੇ ਬਾਹਰਲੇ ਵਿਦਿਆਰਥੀ/ਵਿਅਕਤੀ ਦੇ ਦਾਖਲੇ ‘ਤੇ ਪੂਰਨ ਪਾਬੰਦੀ ਲਗਾਈ ਜਾਵੇ। ਕਾਲਜ ਅੰਦਰ ਹਰ ਐਂਗਲ ‘ਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ ਰਾਤ ਕਾਲਜ ਵਿੱਚ ਝਗੜੇ ਸਬੰਧੀ ਇਤਲਾਹ ਮਿਲੀ ਸੀ, ਜਿਸ ਸਬੰਧੀ ਪਰਚਾ ਪੁਲੀਸ ਸਟੇਸ਼ਨ ਫਤਹਿਗੜ੍ਹ ਸਾਹਿਬ ਵਿਖੇ ਦਰਜ ਕਰਕੇ ਜਾਂਚ ਜਾਰੀ ਹੈ। ਫਿਲਹਾਲ ਕਾਲਜ ਵਿੱਚ ਹਾਲਾਤ ਪੂਰਨ ਤੌਰ ‘ਤੇ ਕਾਬੂ ਹੇਠ ਹਨ। ਇਸ ਸਮੁੱਚੇ ਮਾਮਲੇ ਸਬੰਧੀ ਕਿਸੇ ਵੀ ਕਿਸਮ ਦੀਆਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ।
