ਘਰ ’ਚ ਦਾਖਲ ਹੋ ਕੇ ਬੇਟੇ ਬਾਰੇ ਪੁੱਛਿਆ ਅਤੇ ਪਿਤਾ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ
ਜਗਰਾਉਂ, 4 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਇੱਥੋਂ ਨੇੜਲੇ ਪਿੰਡ ਬਰੜੇਕੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਘਰ ਦੇ ਮਾਲਕ ਨੂੰ ਗੋਲੀ ਮਾਰ ਦਿੱਤੀ। ਜਿਸ ਨੂੰ ਗੰਭੀਰ ਹਾਲਤ ਵਿਚ ਜਗਰਾਉਂ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਪਰ ਉਥੋਂ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਥੇ ਉਸਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਬਾਰਦੇਕੇ ਮੌਕੇ ’ਤੇ ਪੁੱਜੇ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਸਿਵਲ ਹਸਪਤਾਲ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਬਾਰਦੇਕੇ ਜੋ ਕਿ ਪਿੰਡ ਵਿੱਚ ਹੀ ਬਿਜਲੀ ਦਾ ਕੰਮ ਕਰਦਾ ਸੀ। ਦੁਪਹਿਰ 2 ਵਜੇ ਦੇ ਕਰੀਬ ਉਸ ਦੇ ਘਰ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਦੋ ਲੜਕੇ ਉਸ ਦੇ ਘਰ ਅੰਦਰ ਗਏ ਅਤੇ ਇਕ ਵਿਅਕਤੀ ਆਈ-10 ਗੱਡੀ ਲੈ ਕੇ ਬਾਹਰ ਖੜ੍ਹਾ ਸੀ। ਜਿਵੇਂ ਹੀ ਉਹ ਘਰ ਦੇ ਅੰਦਰ ਗਿਆ ਤਾਂ ਉਨ੍ਹਾਂ ਨੇ ਪਰਮਜੀਤ ਸਿੰਘ ਦੇ ਪੁੱਤਰ ਰਾਜਾ ਬਾਰੇ ਇਹ ਕਹਿ ਕੇ ਪੁੱਛਿਆ ਕਿ ਉਸ ਤੋਂ ਵਿਆਹ ਦੀ ਫੋਟੋਗ੍ਰਾਫੀ ਕਰਵਾਉਣੀ ਹੈ, ਉਸਦੇ ਘਰ ਨਾ ਹੋਣ ਤੇ ਉਸਦਾ ਪਿਤਾ ਪਰਮਜੀਤ ਸਿੰਘ ਉਨ੍ਹਾਂ ਨਾਲ ਗੱਲ ਕਰਨ ਲਈ ਬਾਹਰ ਉਨ੍ਹਾਂ ਪਾਸ ਆਇਆ ਤਾਂ ਉਨ੍ਹਾਂ ਵਿਚੋਂ ਇੱਕ ਲੜਕੇ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਉਥੋਂ ਫ਼ਰਾਰ ਹੋ ਗਏ। ਗੋਲੀਆਂ ਲੱਗਣ ਨਾਲ ਪਰਮਜੀਤ ਸਿੰਘ ਮੌਕੇ ’ਤੇ ਹੀ ਡਿੱਗ ਗਿਆ। ਪੁਲੀਸ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਫਿਲਹਾਲ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਉਨ੍ਹਾਂ ਦੀ ਕਾਰ ਅਤੇ ਨੰਬਰ ਸਾਫ਼ ਦਿਖਾਈ ਦੇ ਰਿਹਾ ਹੈ , ਜੋ ਕਿ ਦਿੱਲੀ ਦਾ ਨੰਬਰ ਹੈ। ਗੋਲੀਆਂ ਚਲਾਉਣ ਵਾਲੇ ਨੌਜਵਾਨ ਵੀ ਦਿਖਾਈ ਦੇ ਰਹੇ ਹਨ ਪਰ ਉਨ੍ਹਾਂ ਦੀ ਤਸਵੀਰ ਸਪੱਸ਼ਟ ਨਹੀਂ ਹੈ। ਪੁਲੀਸ ਮ੍ਰਿਤਕ ਦੇ ਰਿਸ਼ਤੇਦਾਰ ਜੋ ਕਿ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਦੀ ਭੂਮਿਕਾ ਤੋਂ ਇਅਲਾਵਾ ਕਈ ਹੋਰ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

