6 ਸਾਲਾਂ ਤੋਂ ਕੈਮੀਕਲ ਅਤੇ ਡਾਲਡਾ ਘਿਓ ਮਿਲਾ ਕੇ ਤਿਆਰ ਕੀਤਾ ਜਾ ਰਿਹਾ ਸੀ ਨਕਲੀ ਦੇਸੀ ਘਿਓ
ਨਾਮੀ ਕੰਪਨੀਆਂ ਦੇ ਮਾਰਕੇ ਲਗਾ ਕੇ ਸਪਲਾਈ ਕੀਤਾ ਜਾਂਦਾ ਸੀ ਨਕਲੀ ਦੇਸੀ ਘਿਓ
ਜਗਰਾਉਂ, 5 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਗੁਪਤ ਤੌਰ ਤੇ ਨਕਲੀ ਦੇਸੀ ਘਿਓ ਤਿਆਰ ਕਰਕੇ ਨਾਮੀ ਕੰਪਨੀਆਂਮ ਦੇ ਬਰਾਂਡ ਲਗਾ ਕੇ ਬਾਜ਼ਾਰ ਵਿੱਚ ਸਪਲਾਈ ਕਰਨ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਭਾਰੀ ਮਾਤਰਾ ਵਿੱਚ ਨਕਲੀ ਦੇਸੀ ਘਿਓ ਅਤੇ ਨਕਲੀ ਦੇਸੀ ਘਿਓ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਬਰਾਮਦ ਕੀਤਾ ਗਿਆ ਹੈ। ਸੀਆਈਏ ਸਟਾਫ਼ ਤੋਂ ਸਬ ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਸੋਹੀਆਂ ਵਿਖੇ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਰਿਤੇਸ਼ ਕੁਮਾਰ ਪੁੱਤਰ ਮੰਗਾ ਰਾਮ ਵਾਸੀ ਪਟੇਲ ਨਗਰ ਕਾਲਜ ਰੋਡ ਨੇੜੇ ਡੀਏਵੀ ਸਕੂਲ ਜਗਰਾਉਂ ਨਕਲੀ ਦੇਸੀ ਘਿਓ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਮੁੱਲਾਂਪੁਰ ਸਾਈਡ ਤੋਂ ਆਪਣੀ ਈਓਨ ਕਾਰ ’ਤੇ ਸਵਾਰ ਹੋ ਕੇ ਜਗਰਾਉਂ ਵੱਲ ਆ ਰਿਹਾ ਸੀ। ਇਸ ਸੂਚਨਾ ’ਤੇ ਨਾਕਾਬੰਦੀ ਕਰਕੇ ਉਨ੍ਹਾਂ ਦੀ ਗੱਡੀ ਨੂੰ ਰੋਕ ਕੇ ਗੱਡੀ ਦੀ ਚੈਕਿੰਗ ਕਰਨ ’ਤੇ ਉਸ ’ਚੋਂ 108 ਕਿਲੋ ਘਿਓ ਬਰਾਮਦ ਹੋਇਆ। ਪੁੱਛ-ਪੜਤਾਲ ਕਰਨ ’ਤੇ ਉਸਦੇ ਘਰ ਛਾਪਾ ਮਾਰਿਆ ਗਿਆ ਤਾਂ ਨਕਲੀ ਦੇਸੀ ਘਿਓ ਚਲਾਉਣ ਵਾਲੀ ਗੈਰ-ਕਾਨੂੰਨੀ ਫੈਕਟਰੀ ’ਚੋਂ ਡਬਲ ਬਰਨਰ ਚੁੱਲ੍ਹਾ, ਗੈਸ ਸਿਲੰਡਰ, ਇਕ ਵੱਡਾ ਟੱਪ, 1 ਸਿਲਵਰ ਦਾ ਵੱਡਾ ਪਤੀਲਾ, 70 ਢੱਕਣ, ਟੰਕੇ ਲਗਾਉਣ, ਪੀਪੇ ਸੀਲ ਕਰਨ ਵਾਲੀ ਮਸ਼ੀਨ, ਇਲੈਕਟ੍ਰਾਨਿਕ ਕੰਡਾ, ਹੌਟ ਏਅਰ ਗਨ ਅਤੇ ਰਿਫਾਇੰਡ ਸੋਇਆਬੀਨ ਤੇਲ ਦਾ ਇੱਕ ਪੀਪਾ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਕਰਨ ’ਤੇ ਉਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਕੇਸ ਵਿੱਚ ਭਰਤ ਸਿੰਗਲਾ ਪੁੱਤਰ ਨਰਿੰਦਰ ਸਿੰਗਲਾ ਵਾਸੀ ਸ਼ਾਸਤਰੀ ਨਗਰ ਮੰਦਰ ਗਲੀ ਜਗਰਾਉਂ ਨੂੰ ਵੀ ਨਾਮਜ਼ਦ ਕੀਤਾ ਗਿਆ। ਦੋਵਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਥਾਣਾ ਸਦਰ ਜਗਰਾਉਂ ਵਿੱਚ ਧਾਰਾ 272, 273, 420 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸਬ-ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਇੱਥੇ ਪਿਛਲੇ 6 ਸਾਲਾਂ ਤੋਂ ਨਕਲੀ ਦੇਸੀ ਘਿਓ ਤਿਆਰ ਕਰਨ ਦਾ ਧੰਦਾ ਕੀਤਾ ਜਾ ਰਿਹਾ ਸੀ। ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਸ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਲੋਕ ਤਿਆਰ ਕੀਤੇ ਨਕਲੀ ਦੇਸੀ ਘਿਓ ਨੂੰ ਕਿੱਥੇ-ਕਿੱਥੇ ਸਪਲਾਈ ਕਰਦੇ ਸਨ।