2 ਨੂੰ ਮੌਕੇ ’ਤੇ ਬਚਾ ਲਿਆ ਗਿਆ, 2 ਪਾਣੀ ’ਚ ਵਹਿ ਗਏ, ਇਕ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ
ਜਗਰਾਉਂ, 6 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਇੱਥੋਂ ਨਜ਼ਦੀਕੀ ਲੱਖਾ ਦੇ ਚਾਰ ਨੌਜਵਾਨ ਕਾਰ ਵਿਚ ਪਿੰਡ ਮੱਲਾ ਤੋਂ ਡੱਲਾ ਨੂੰ ਨਹਿਰ ਦੀ ਪਟੜੀ ਤੇ ਜਾਂਦੇ ਸਮੇਂ ਉਨ੍ਹਾਂ ਦੀ ਕਾਰ ਅਚਾਨਕ ਬੇ ਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ। ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਕਰੀਬ 11.30 ਵਜੇ ਇਕ ਕਾਰ ਨਹਿਰ ’ਚ ਡਿੱਗੀ, ਜਿਸ ’ਚ 4 ਨੌਜਵਾਨ (ਸਾਰੇ 22 ਤੋਂ 24 ਸਾਲ) ਸਵਾਰ ਸਨ। ਇਨ੍ਹਾਂ ਵਿੱਚੋਂ ਦੋ ਨੂੰ ਨੌਜਵਾਨਾਂ ਨੇ ਬਚਾ ਲਿਆ ਅਤੇ ਦੋ ਪਾਣੀ ਵਿੱਚ ਰੁੜ੍ਹ ਗਏ। ਜਿਨ੍ਹਾਂ ’ਚੋਂ ਇਕ ਦੀ ਲਾਸ਼ ਸ਼ੁੱਕਰਵਾਰ ਸਵੇਰੇ ਨਹਿਰ ’ਚੋਂ ਬਰਾਮਦ ਕਰ ਲਈ ਗਈ, ਜਦਕਿ ਦੂਜੇ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਜਿਸ ਲਈ ਪੁਲਸ ਵਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ। ਪਾਣੀ ਵਿੱਚ ਡਿੱਗੀ ਕਾਰ ਵਿੱਚ ਸਵਾਰ ਸਾਰੇ ਨੌਜਵਾਨ ਪਿੰਡ ਲੱਖਾ ਦੇ ਵਸਨੀਕ ਸਨ। ਥਾਣਾ ਹਠੂਰ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਅਤੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਲੱਖਾ ਵਾਸੀ ਦਿਲਪ੍ਰੀਤ ਸਿੰਘ ਦਾ ਜਨਮ ਦਿਨ ਸੀ। ਉਹ ਆਪਣੇ ਦੋਸਤਾਂ ਨੂੰ ਦੋ ਗੱਡੀਆਂ ਵਿੱਚ ਪਿੰਡ ਮੱਲਾ ਦੇ ਇੱਕ ਰੈਸਟੋਰੈਂਟ ਵਿੱਚ ਪਾਰਟੀ ਲਈ ਲੈ ਗਿਆ। ਉਸ ਦੇ ਨਾਲ ਗੱਡੀ ਵਿਚ ਇਕਬਾਲ ਸਿੰਘ, ਮਨਜਿੰਦਰ ਸਿੰਘ ਅਤੇ ਸਤਨਾਮ ਸਿੰਘ ਇਕਗੱਡੀ ਵਿਚ ਜਾ ਰਹੇ ਸਨ ਅਤੇ ਦੂਜੀ ਗੱਡੀ ਵਿਚ ਇਕ ਹੋਰ ਦੋਸਤ ਕਿੰਦਰ ਸਿੰਘ ਵਾਸੀ ਪਿੰਡ ਭੰਮੀਪੁਰਾ ਜਾ ਰਿਹਾ ਸੀ। ਪਿੰਡ ਮੱਲਾ ਦੇ ਇੱਕ ਰੈਸਟੋਰੈਂਟ ਵਿੱਚ ਪਾਰਟੀ ਕਰਨ ਤੋਂ ਬਾਅਦ ਜਦੋਂ ਉਹ ਸਾਰੇ ਉੱਥੋਂ ਵਾਪਸ ਆ ਰਹੇ ਸਨ ਤਾਂ ਦੇਰ ਰਾਤ ਕਰੀਬ 11.30 ਵਜੇ ਵਾਪਸ ਆਉਂਦੇ ਸਮੇਂ ਅਚਾਨਕ ਬੇ ਕਾਬੂ ਹੋ ਕੇ ਉਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ। ਕਾਰ ਵਿਚ ਦਿਲਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਮੂਹਰਲੀ ਸੀਟ ਤੇ ਬੈਠੇ ਹੋਏ ਸਨ ਅਤੇ ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਪਿਛਲੀ ਸੀਟ ’ਤੇ ਬੈਠੇ ਸਨ। ਜਦੋਂ ਕਾਰ ਨਹਿਰ ਵਿੱਚ ਡਿੱਗੀ ਤਾਂ ਦਿਲਪ੍ਰੀਤ ਅਤੇ ਸਤਨਾਮ ਸਿੰਘ ਕਾਰ ਵਿੱਚੋਂ ਪਾਣੀ ਵਿੱਚ ਰੁੜ੍ਹ ਗਏ। ਇਸ ਮੌਕੇ ਇਕਬਾਲ ਸਿੰਘ ਪਾਣੀ ’ਚ ਵਹਿ ਰਹੀ ਕਾਰ ’ਚੋਂ ਬਾਹਰ ਨਿਕਲਿਆ ਅਤੇ ਕਾਰ ਦੀ ਛੱਤ ’ਤੇ ਚੜ੍ਹ ਕੇ ਉਸਨੇ ਦੂਜੇ ਡੱਡੀ ’ਚ ਅੱਗੇ ਜਾ ਰਹੇ ਆਪਣੇ ਦੋਸਤ ਕਿੰਦਰ ਸਿੰਘ ਭੰਮੀਪੁਰਾ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੀ ਕਾਰ ਨਹਿਰ ’ਚ ਡਿੱਗ ਗਈ ਹੈ।੍ਟ .
ਪਿੰਡ ਡੱਲਾ ਦੇ ਗੁਰਦੁਆਰਾ ਸਾਹਿਬ ਵਿਖੇ ਕਿੰਦਰ ਨੇ ਕਰਵਾਈ ਅਨਾਉਂਸਮੈਂਟ- ਜਦੋਂ ਇਕਬਾਲ ਸਿੰਘ ਨੇ ਫੋਨ ਕਰਕੇ ਕਿੰਦਰ ਨੂੰ ਉਨ੍ਹਾਂ ਦੀ ਕਾਰ ਨਹਿਰ ’ਚ ਡਿੱਗਣ ਦੀ ਸੂਚਨਾ ਦਿੱਤੀ ਤਾਂ ਉਸ ਨੇ ਤੁਰੰਤ ਆਪਣੀ ਕਾਰ ਨੂੰ ਮੋੜ ਲਿਆ ਅਤੇ ਪਿੰਡ ਡੱਲਾ ਪਹੁੰਚ ਕੇ ਕਿੰਦਰ ਨੇ ਗੁਰਦੁਆਰਾ ਸਾਹਿਬ ’ਚ ਅਨਾਉਂਸਮੈਂਟ ਕਰਵਾ ਕੇ ਘਟਨਾ ਦੀ ਸੂਚਨਾ ਦਿਤੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਮੌਕੇ ’ਤੇ ਪਿੰਡ ਡੱਲਾ ਦੇ ਲੋਕ ਅਤੇ ਥਾਣਾ ਹਠੂਰ ਤੋਂ ਇੰਸਪੈਕਟਰ ਜਗਜੀਤ ਸਿੰਘ ਅਤੇ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਨੇ ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਬਾਹਰ ਕੱਢਿਆ ਪਰ ਦਿਲਪ੍ਰੀਤ ਅਤੇ ਸਤਨਾਮ ਸਿੰਘ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਲੋਕਾਂ ਨੇ ਮੌਕੇ ’ਤੇ ਹੀ ਕਾਰ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਪਰ ਮੌਕੇ ’ਤੇ ਦਿਲਪ੍ਰੀਤ ਅਤੇ ਸਤਨਾਮ ਸਿੰਘ ਨੂੰ ਬਚਾ ਨਾ ਸਕੇ। ਸ਼ੁੱਕਰਵਾਰ ਸਵੇਰੇ ਦਿਲਪ੍ਰੀਤ ਸਿੰਘ ਦੀ ਲਾਸ਼ ਡਾਂਗੀਆ ਤੋਂ ਦੋਧਰ ਨੇੜੇ ਨਹਿਰ ਵਿੱਚੋਂ ਬਰਾਮਦ ਹੋਈ। ਜਦਕਿ ਸਤਨਾਮ ਸਿੰਘ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋ ਸਕੀ। ਜਿਸ ਲਈ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਮ੍ਰਿਤਕ ਸਤਨਾਮ ਸਿੰਘ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।
ਜਨਮ ਦਿਨ ਵਾਲੇ ਦਿਨ ਹੋਈ ਮੌਤ-ਦਿਲਪ੍ਰੀਤ ਸਿੰਘ ਵਾਸੀ ਪਿੰਡ ਲੱਖਾ ਦਾ ਵੀਰਵਾਰ ਨੂੰ 23ਵਾਂ ਜਨਮ ਦਿਨ ਸੀ। ਜਿਸ ਨੂੰ ਉਹ ਆਪਣੇ ਦੋਸਤਾਂ ਨਾਲ ਖੁਸ਼ੀ-ਖੁਸ਼ੀ ਮਨਾਉਣ ਗਿਆ ਸੀ ਪਰ ਉਸ ਨੂੰ ਘੱਟ ਹੀ ਪਤਾ ਸੀ ਕਿ ਇਹ ਜਨਮ ਦਿਨ ਉਸ ਦੀ ਮੌਤ ਦਾ ਕਾਰਨ ਬਣੇਗਾ ਅਤੇ ਇਹ ਉਸ ਦਾ ਆਖਰੀ ਜਨਮ ਦਿਨ ਹੋਵੇਗਾ। ਦਿਲਪ੍ਰੀਤ ਸਿੰਘ ਦਾ ਵੱਡਾ ਭਰਾ ਕੈਨੇਡਾ ਵਿੱਚ ਹੈ। ਦਿਲਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਦੀ ਮੌਤ ’ਤੇ ਪੂਰੇ ਪਿੰਡ ’ਚ ਸੋਗ ਦਾ ਮਾਹੌਲ ਹੈ।
ਅਜਿਹੇ ਮੌਕੇ ’ਤੇ ਵੀ ਚੋਰਾਂ ਨੇ ਕੀਤਾ ਆਪਣਾ ਕੰਮ-ਜਦੋਂ ਕਾਰ ’ਚ ਸਵਾਰ ਨੌਜਵਾਨਾਂ ਨੂੰ ਨਹਿਰ ’ਚ ਡਿੱਗਣ ਤੋਂ ਬਚਾਉਣ ਲਈ ਪੂਰਾ ਪਿੰਡ ਇਕੱਠਾ ਹੋ ਗਿਆ ਤਾਂ ਉਸ ਮੌਕੇ ਚੋਰ ਵੀ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਅਜਿਹੇ ਦੁੱਖ ਦੀ ਘੜੀ ’ਚ ਵੀ ਆਪਣਾ ਕੰਮ ਨਹੀਂ ਛੱਡਿਆ। ਪਿੰਡ ਡੱਲਾ ਦੇ ਨੌਜਵਾਨਾਂ ਕਾਲੂ, ਮੋਟੂ ਅਤੇ ਬੰਟੀ ਨੇ ਨੌਜਵਾਨ ਅਤੇ ਕਾਰ ਨੂੰ ਨਹਿਰ ਵਿੱਚੋਂ ਕੱਢਣ ਲਈ ਕੱਪੜੇ ਲਾਹ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਉਸ ਸਮੇਂ ਉਥੋਂ ਕਿਸੇ ਨੇ ਬੰਟੀ ਦੇ ਕੱਪੜੇ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ। ਲੋਕਾਂ ਨੇ ਜਿੱਥੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਨਿਖੇਧੀ ਕੀਤੀ। ਉੱਥੇ ਹੀ ਪੰਚਾਇਤ ਨੇ ਬੰਟੀ ਨੂੰ ਨਵੇਂ ਕੱਪੜੇ ਅਤੇ ਮੋਬਾਈਲ ਫ਼ੋਨ ਲੈ ਕੇ ਦੇਣ ਲਈ ਕਿਹਾ।



