ਅੰਮ੍ਰਿਤਸਰ 14 ਮਾਰਚ (ਬਿਊਰੋ) ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਦੇ ਸੁਰੱਖਿਆ ਮੁਲਾਜ਼ਮ ਦਾ ਐਤਵਾਰ ਦੁਪਹਿਰ ਅੰਮ੍ਰਿਤਸਰ ਵਿਖੇ ਕੱਢੇ ਰੋਡ ਸ਼ੋਅ ਦੌਰਾਨ ਸਰਕਾਰੀ ਪਿਸਤੌਲ ਚੋਰੀ ਹੋ ਗਿਆ। ਘਟਨਾ ਦੇ ਬਾਅਦ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀਆਂ ਸਮੇਤ ਪਿਸਤੌਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਨਹੀਂ ਮਿਲਿਆ। ਫਿਲਹਾਲ ਸਿਵਲ ਲਾਈਨ ਥਾਣੇ ਅਧੀਨ ਪੈਂਦੀ ਪੁਲਿਸ ਚੌਕੀ ਗਰੀਨ ਐਵੇਨਿਊ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਦਰਅਸਲ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਬਾ ਚੋਣਾਂ ਵਿਚ ਜਿੱਤ ਨੂੰ ਲੈ ਕੇ ਸ਼ਹਿਰ ਵਿਚ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਕਚਹਿਰੀ ਚੌਕ ਤੋਂ ਨਾਵਲਟੀ ਚੌਕ ਤਕ ਰੋਡ ਸ਼ੋਅ ਕੱਢ ਰਹੇ ਸਨ। ਸੁਰੱਖਿਆ ਇੰਤਜ਼ਾਮ ਕਾਰਨ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦਿਹਾਤੀ, ਅੰਮ੍ਰਿਤਸਰ ਕਮਿਸਨਰੇਟ ਤੇ ਤਰਨਤਾਰਨ ਜ਼ਿਲ੍ਹਿਆਂ ਦੀ ਪੁਲਿਸ ਦੀ ਤਾਇਨਾਤੀ ਕੀਤੀ ਗਈ ਸੀ।ਪਤਾ ਲੱਗਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਪਠਾਨਕੋਟ ਦੇ ਇਕ ਏਐੱਸਆਈ ਦੀ ਡਿਊਟੀ ਆਪ ਆਗੂ ਰਾਘਵ ਚੱਢਾ ਦੀ ਸੁਰੱਖਿਆ ਵਿਚ ਲਾਈ ਗਈ ਸੀ। ਏਐੱਸਆਈ ਆਪ ਆਗੂ ਨਾਲ ਕਚਹਿਰੀ ਚੌਕ ਤੋਂ ਲੈ ਕੇ ਨਾਵਲਟੀ ਚੌਕ ਵਿਚ ਸਨ। ਇਸੇ ਦੌਰਾਨ ਉਨ੍ਹਾਂ ਦਾ ਸਰਕਾਰੀ ਪਿਸਤੌਲ ਚੋਰੀ ਹੋ ਗਿਆ।