–ਗੈਰ ਕਾਨੂੰਨੀ ਢੰਗ ਨਾਲ ਤੰਬਾਕੂ ਵੇਚਣ ਵਾਲਿਆਂ ਦੇ ਕੀਤੇ 19 ਚਲਾਨ- ਡਾ. ਅੱਤਰੀ
ਮੋਗਾ, 12 ਜਨਵਰੀ ( ਅਸ਼ਵਨੀ) -ਬਿੰਨ੍ਹਾਂ ਲਾਇਸੰਸ ਤੋਂ ਅਤੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਥਾਵਾਂ ਜਿਵੇਂ ਕਿ ਸਕੂਲ, ਕਾਲਜ, ਗੁਰਦੁਆਰਾ, ਮੰਦਿਰ ਦੇ 100 ਮੀਟਰ ਦੇ ਘੇਰੇ ਵਿੱਚ ਤੰਬਾਕੂ ਵੇਚਣਾ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਤੋਂ ਇਲਾਵਾ ਉਨ੍ਹਾਂ ਦਾ ਚਲਾਨ ਵੀ ਕੱਟਿਆ ਜਾ ਸਕਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਕੋਟ ਈਸੇ ਖਾਂ ਡਾ. ਰਜ਼ੇਸ ਕੁਮਾਰ ਅੱਤਰੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੀ.ਐਚ.ਸੀ. ਕੋਟ ਈਸੇ ਖਾਂ ਦੀ ਮੈਡੀਕਲ ਟੀਮ ਉਕਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਅਤੇ ਚੈਕਿੰਗਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਮੋਗਾ ਡਾ. ਰੁਪਿੰਦਰ ਕੌਰ ਦੇ ਹੁਕਮਾਂ ਅਤੇ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਪ੍ਰੋਗਰਾਮ ਡਾ. ਸਮਰਪ੍ਰੀਤ ਕੌਰ ਮੈਡੀਕਲ ਅਫ਼ਸਰ ਦੀ ਦੇਖ-ਰੇਖ ਹੇਠ ਅੱਜ ਵੀ ਬਲਾਕ ਕੋਟ ਈਸੇ ਖਾਂ ਦੇ ਵੱਖ-ਵੱਖ ਥਾਵਾਂ ‘ਤੇ ਗੈਰ ਕਾਨੂੰਨੀ ਢੰਗ ਨਾਲ ਤੰਬਾਕੂ ਵੇਚਣ ਵਾਲਿਆਂ ਦੇ ਲਗਭਗ 19 ਚਲਾਨ ਕੱਟੇ।
ਉਨ੍ਹਾਂ ਕਿਹਾ ਕਿ ਸਾਰੇ ਹੈਲਥ ਸੁਪਰਵਾਈਜ਼ਰ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਨ ਕਿ ਸਕੂਲ, ਕਾਲਜ, ਮੰਦਿਰ ਅਤੇ ਗੁਰਦੁਆਰੇ ਦੇ 100 ਮੀਟਰ ਦੇ ਘੇਰੇ ਵਿੱਚ ਕੋਈ ਵੀ ਤੰਬਾਕੂ ਵੇਚਣ ਵਾਲੀ ਦੁਕਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਚੈਕਿੰਗਾਂ ਦੌਰਾਨ ਦੁਕਾਨਦਾਰਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਟੀਮ ਵਿੱਚ ਨੋਡਲ ਅਫ਼ਸਰ ਆਈ.ਡੀ.ਐਸ.ਪੀ. (ਇੰਟਾਂਗ੍ਰੇਟਿਡ ਡਿਸੀਜ਼ ਸਰਵਾਲੈਂਸ ਪ੍ਰੋਜੈਕਟ) ਰਾਜਦਵਿੰਦਰ ਸਿੰਘ ਗਿੱਲ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਗੁਰਿੰਦਰ ਸਿੰਘ, ਇਕਬਾਲ ਸਿੰਘ, ਮਲਟੀਪਰਪਜ਼ ਹੈਲਥ ਵਰਕਜ਼ ਜਗਮੀਤ ਸਿੰਘ, ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ, ਰਿੰਪਲਜੀਤ ਸਿੰਘ ਤੋਂ ਇਲਾਵਾ ਬਲਾਕ ਐਕਸਟੈਨਸ਼ਨ ਐਜੂਕੇਟਰ ਹਰਪ੍ਰੀਤ ਕੌਰ ਸ਼ਾਮਿਲ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਚੈਕਿੰਗ ਅਤੇ ਜਾਗਰੂਕਤਾ ਅਭਿਆਨ ਲਗਾਤਾਰ ਜਾਰੀ ਰਹੇਗਾ ਅਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਜਾਰੀ ਹੋਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ।