ਸਰਹਿੰਦ, 14 ਜਨਵਰੀ ( ਰਾਜਨ ਜੈਨ) -ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ 17 ਜਨਵਰੀ ਤੱਕ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਅਧੀਨ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕੌਮੀ ਸੜਕ ਸੁਰੱਖਿਆ ਸਪਤਾਹ ਦੇ ਚੋਥੇ ਦਿਨ ਰੋਪੜ ਬੱਸ ਅੱਡਾ ਸਰਹੰਦ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਬੱਸਾਂ, ਟਰੱਕਾਂ ‘ਤੇ ਗੱਡੀਆਂ ਦੇ ਰਿਫਲੈਕਟਰ ਲਗਾਏ ਅਤੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ।ਇਸ ਮੌਕੇ ਮੋਟਰ ਵਹੀਕਲ ਇੰਸਪੈਕਟਰ ਨਿਰਕਾਰ ਸਿੰਘ ਸੰਧੂ ਨੇ ਲੋਕਾ ਨੂੰ ਕਿਹਾ ਕਿ ਉਹ ਸੜਕ ‘ਤੇ ਚੱਲਦੇ ਸਮੇਂ ਸਪੀਡ ਲਿਮਟ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕਦੇ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਕਿਉਂਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਕਈ ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿੱਚ ਅਨਮੋਲ ਮਨੁੱਖੀ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਓਵਰ ਸਪੀਡ ਵਿੱਚ ਟਰੱਕ ਨਾ ਚਲਾਏ ਜਾਣ ਤੇ ਸੜਕਾਂ ‘ਤੇ ਲਗਾਏ ਟਰੈਫਿਕ ਸਾਈਨਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਟਰੱਕਾਂ ਦੇ ਪਿਛੇ ਰਿਫਲੈਕਟਰ ਜਰੂਰ ਲਗਾਏ ਜਾਣ ਤਾਂ ਜੋ ਰਾਤ ਸਮੇਂ ਦੂਜੇ ਵਾਹਨ ਚਾਲਕਾਂ ਨੂੰ ਟਰੱਕ ਦਿਖਾਈ ਦੇ ਸਕਣ। ਇਸ ਮੌਕੇ ਟ੍ਰੈਫਿਕ ਪੁਲਿਸ ਵੱਲੋਂ ਟੈਪੂ ਯੂਨੀਅਨ,ਆਟੋ ਯੂਨੀਅਨ, ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾ ਦੀ ਪਾਲਨਾ ਕਰਨ,ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ , ਗੱਡੀ ਚਲਾਉਂਦੇ ਸਮੇਂ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨ, ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ ,ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਆਦਿ ਸਬੰਧੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਸਮੇਂ-ਸਮੇਂ ‘ਤੇ ਆਪਣੀਆਂ ਅੱਖਾਂ ਦੀ ਚੈਕਿੰਗ ਜਰੂਰ ਕਰਵਾਉਣ ਅਤੇ ਜੇਕਰ ਨਜ਼ਰ ਕਮਜੋਰ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਐਨਕਾਂ ਲਗਾਉਣੀਆਂ ਯਕੀਨੀ ਬਣਾਈਆਂ ਜਾਣ।
ਇਸ ਮੌਕੇ ਮੋਟਰ ਵਹੀਕਲ ਇੰਸਪੈਕਟਰ ਨਿਰਕਾਰ ਸਿੰਘ ਸੰਧੂ ਦੀ ਟੀਮ, ਟ੍ਰੈਫਿਕ ਸਟਾਫ਼ , ਏਐਸਆਈ ਪਰਮਿੰਦਰ ਸਿੰਘ, ਏ ਐਸ ਆਈ ਦਰਸ਼ਨ ਸਿੰਘ , ਐੱਮ ਐਚ ਸੀ ਵਰਿਦਰ ਸਿੰਘ, ਐੱਚ ਸੀ ਕਮਲਜੀਤ, ਹਾਜ਼ਰ ਸਨ ।