ਮਾਲੇਰਕੋਟਲਾ 14 ਜਨਵਰੀ ( ਬੌਬੀ ਸਹਿਜਲ)-ਪੰਜਾਬ ਸਰਕਾਰ ਵੱਲੋਂ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ਵਿਖੇ ਸ਼ਹੀਦਾਂ ਦੀ ਯਾਦ ’ਚ 17 ਜਨਵਰੀ ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ । ਇਹ ਜਾਣਕਾਰੀ ਐਸ.ਡੀ.ਐਮ. ਮਾਲੇਰਕੋਟਲਾ ਕਰਨਦੀਪ ਸਿੰਘ ਨੇ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਜ ਪੱਧਰੀ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਇਸ ਮੌਕੇ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ਦੇ ਨੁਮਾਇੰਦੇ ਗੁਰਸੇਵਕ ਸਿੰਘ ਨਾਮਧਾਰੀ ਵੀ ਮੌਜੂਦ ਸਨ ।ਐਸ.ਡੀ.ਐਮ. ਮਾਲੇਰਕੋਟਲਾ ਨੇ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਸਮਾਰੋਹ ਵਾਲੀ ਥਾਂ ‘ਤੇ ਆਪਸੀ ਤਾਲਮੇਲ ਨਾਲ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਾਰਜ ਸਾਧਕ ਅਫ਼ਸਰ ਨਗਰ ਕੌਸਲ ਨੂੰ ਸੁਚਾਰੂ ਢੰਗ ਨਾਲ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਾਰਜ ਸਾਧਕ ਅਫ਼ਸਰ ਨੂੰ ਸਮਾਰੋਹ ਵਾਲੇ ਸਥਾਨ ਅਤੇ ਨਾਮਧਾਰੀ ਸ਼ਹੀਦੀ ਸਮਾਰਕ ਨੂੰ ਜਾਂਦੇ ਰਸਤੇ ਦੀ ਸਫ਼ਾਈ ਅਤੇ ਸੜਕ ਦੀ ਲੋੜੀਂਦੀ ਮੁਰੰਮਤ ਕਰਵਾਉਣ ਦੀ ਹਦਾਇਤ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਹਦਾਇਤ ਕੀਤੀ ਨਾਮਧਾਰੀ ਸ਼ਹੀਦੀ ਸਮਾਰਕ ਸਬੰਧੀ ਜੋ ਸਾਈਨ ਬੋਰਡ ਸ਼ਹਿਰ ਦੀ ਹਦੂਦ ਦੇ ਅੰਦਰ ਹਨ ਉਨ੍ਹਾਂ ਕਾਰਜ ਸਾਧਕ ਅਫ਼ਸਰ ਅਤੇ ਸ਼ਹਿਰ ਦੀ ਹਦੂਦ ਤੋਂ ਬਾਹਰ ਦੇ ਸਾਈਨ ਬੋਰਡਾਂ ਨੂੰ ਕਾਰਜਕਾਰੀ ਇੰਜੀਨੀਅਰ ਪੀ.ਡਬਲਿਊ.ਡੀ (ਬੀ.ਐਂਡ ਆਰ) ਰੀਪੇਂਟ ਕਰਵਾਉਣ । ਇਸ ਮੌਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸਮਾਗਮ ਵਾਲੇ ਸਥਾਨ ‘ਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ । ਕਰਨਦੀਪ ਸਿੰਘ ਨੇ ਪੀਣ ਵਾਲੇ ਪਾਣੀ, ਆਰਜ਼ੀ ਪਖਾਨਿਆਂ, ਆਵਾਜਾਈ ਵਿਵਸਥਾ ਸੁਚਾਰੂ ਬਣਾਉਣ ਸਮੇਤ ਹੋਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਹਦਾਇਤਾਂ ਜਾਰੀ ਕੀਤੀਆਂ ਅਤੇ ਸਮੂਹ ਪ੍ਰਬੰਧਾਂ ਨੂੰ ਬਿਹਤਰ ਅਤੇ ਸੁਖਾਵੇਂ ਢੰਗ ਨਾਲ ਮੁਕੰਮਲ ਕਰਨ ਲਈ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਡਿਊਟੀ ਕਰਨ ਦੇ ਆਦੇਸ਼ ਦਿੱਤੇ।
