ਐਸ ਡੀ ਐਮ ਫਤਹਿਗੜ੍ਹ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਛੁੱਟੀ ਵਾਲੇ ਦਿਨ ਵੀ ਦਫ਼ਤਰ ਵਿਖੇ ਰਹੇ ਮੌਜੂਦ
ਫ਼ਤਹਿਗੜ੍ਹ ਸਾਹਿਬ, 14 ਜਨਵਰੀ ( ਮੋਹਿਤ ਜੈਨ) -ਪੰਜਾਬ ਦੇ ਸਮੂਹ ਪੀ ਸੀ ਐਸ ਅਫਸਰ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਵਚਨਬੱਧ ਹਨ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ ਡੀ ਐਮ ਫਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸੂਬੇ ਦੀ ਪੀ.ਸੀ.ਐਸ. ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ, ਜਿਸ ਕਾਰਨ ਸਾਰੇ ਪੀਸੀਐਸ ਅਫਸਰ ਹੜਤਾਲ ਤੇ ਸਮੂਹਿਕ ਛੁੱਟੀ ਤੇ ਚਲੇ ਗਏ ਸਨ ਅਤੇ ਦਫਤਰਾਂ ਵਿੱਚ ਕੰਮ ਕਰਵਾਉਣ ਆਏ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਸੂਬੇ ਦੀ ਪੀ ਸੀ ਐਸ ਐਸੋਸੀਏਸ਼ਨ ਦੇ ਹੁਕਮਾਂ ਤਹਿਤ ਸਾਰੇ ਪੀਸੀਐਸ ਅਫਸਰਾਂ ਨੇ ਛੁੱਟੀ ਵਾਲੇ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰਾਂ ਵਿਚ ਕੰਮ ਕਰਨ ਦਾ ਫੈਸਲਾ ਕੀਤਾ ਹੈ। ਅਟਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਹੁਕਮਾਂ ਮੁਤਾਬਕ ਅੱਜ ਸ਼ਨੀਵਾਰ ਨੂੰ ਦਫਤਰ ਵਿਖੇ ਕੰਮ ਕੀਤਾ ਜਾ ਰਿਹਾ ਹੈ ਅਤੇ ਕੱਲ ਦਿਨ ਐਤਵਾਰ ਨੂੰ ਵੀ ਦਫਤਰ ਖੁੱਲ੍ਹੇਗਾ।
