Home Political ਰੇਲਵੇ ਨੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਸੁਝਾਵਾਂ ਦਾ ਹਾਂ-ਪੱਖੀ ਦਿੱਤਾ ਹੁੰਗਾਰਾ

ਰੇਲਵੇ ਨੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਸੁਝਾਵਾਂ ਦਾ ਹਾਂ-ਪੱਖੀ ਦਿੱਤਾ ਹੁੰਗਾਰਾ

45
0

ਮੌਜੂਦਾ ਰੇਲਵੇ ਸਟੇਸ਼ਨ ਦਾ ਮੁੜ ਵਿਕਾਸ ਸ਼ੁਰੂ ਹੋ ਜਾਵੇਗਾ ਜਲਦੀ

ਲੁਧਿਆਣਾ, 18 ਜਨਵਰੀ (  ਰੋਹਿਤ ਗੋਇਲ, ਅਸ਼ਵਨੀ)-ਉੱਤਰੀ ਰੇਲਵੇ ਨੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਸੂਚਿਤ ਕੀਤਾ ਹੈ ਕਿ ਰੇਲਵੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਸੁਝਾਅ ਬਹੁਤ ਮਹੱਤਵਪੂਰਨ ਹਨ। ਆਸ਼ੂਤੋਸ਼ ਗੰਗਲ, ਜਨਰਲ ਮੈਨੇਜਰ, ਉੱਤਰੀ ਰੇਲਵੇ, ਬੜੌਦਾ ਹਾਊਸ, ਨਵੀਂ ਦਿੱਲੀ ਨੇ ਅਰੋੜਾ ਨੂੰ ਲਿਖੇ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਰੇ ਸੁਝਾਵਾਂ ਦੀ ਉੱਚ ਪੱਧਰ ‘ਤੇ ਚੰਗੀ ਤਰ੍ਹਾਂ ਘੋਖਿਆ ਗਿਆ ਹੈ”।ਗੰਗਲ ਨੇ ਅੱਗੇ ਦੱਸਿਆ ਕਿ ਰੇਲਵੇ ਅਤੇ ਹੋਰ ਦਫਤਰਾਂ ਨਾਲ ਸਬੰਧਤ ਸੁਝਾਅ ਨੂੰ ਘੋਖ ਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ ਹੈ ਤਾਂ ਜੋ ਉਚਿਤ ਫੈਸਲਾ ਲਿਆ ਜਾ ਸਕੇ। ਆਪਣੇ ਪੱਤਰ ਵਿੱਚ ਉਨ੍ਹਾਂ ਨੇ ਉੱਤਰੀ ਰੇਲਵੇ ਨਾਲ ਸਬੰਧਤ ਸੁਝਾਵਾਂ ‘ਤੇ ਕੀਤੀ ਗਈ ਕਾਰਵਾਈ/ਟਿੱਪਣੀਆਂ ਦਾ ਵੀ ਜ਼ਿਕਰ ਕੀਤਾ।ਅਰੋੜਾ ਨੇ ਇਹ ਦੱਸਦੇ ਹੋਏ ਕਿ ਲੁਧਿਆਣਾ ਸਟੇਸ਼ਨ ਦੀ ਮੌਜੂਦਾ ਹਾਲਤ ਖਾਸ ਕਰਕੇ ਪਲੇਟਫਾਰਮਾਂ ਦੀ ਹਾਲਤ ਖਸਤਾ ਹੈ, ਸੁਝਾਅ ਦਿੱਤਾ ਕਿ ਇਸ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਲੋੜ ਹੈ।  ਹੁਣ ਗੰਗਲ ਨੇ ਉਨ੍ਹਾਂ ਨੂੰ ਦੱਸਿਆ ਕਿ ਲੁਧਿਆਣਾ ਸਟੇਸ਼ਨ ਦੇ ਮੁੜ ਵਿਕਾਸ ਲਈ ਟੈਂਡਰ 19 ਦਸੰਬਰ 2022 ਨੂੰ ਜਾਰੀ ਕੀਤਾ ਗਿਆ ਹੈ ਅਤੇ ਜਲਦੀ ਹੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ।ਗੰਗਲ ਨੇ ਅਰੋੜਾ ਨੂੰ ਅੱਗੇ ਦੱਸਿਆ ਕਿ ਮੌਜੂਦਾ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਦੇ ਸ਼ੁਰੂ ਹੋਣ ਤੋਂ ਬਾਅਦ ਢੰਡਾਰੀ ਕਲਾਂ ਵਿਖੇ ਹੋਰ ਰੇਲ ਗੱਡੀਆਂ ਰੁਕਣਗੀਆਂ। ਅਰੋੜਾ ਨੇ ਸੁਝਾਅ ਦਿੱਤਾ ਸੀ ਕਿ ਮੌਜੂਦਾ ਰੇਲਵੇ ਸਟੇਸ਼ਨ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ ਢੰਡਾਰੀ ਕਲਾਂ ਤੋਂ ਕੁਝ ਰੇਲ ਗੱਡੀਆਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।ਅਰੋੜਾ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਰੇਲਵੇ ਕਰਾਸਿੰਗ ਇੱਕ ਵੱਡਾ ਮੁੱਦਾ ਹੈ ਅਤੇ ਇਸ ਲਈ ਉਨ੍ਹਾਂ ਨੀਲੋ ਨਹਿਰ ਅਤੇ ਮਾਡਲ ਟਾਊਨ, ਲੁਧਿਆਣਾ ਵਿੱਚ ਸਥਿਤ ਇਸ਼ਮੀਤ ਸਿੰਘ ਚੌਂਕ ‘ਤੇ ਆਰ.ਓ.ਬੀ. ਬਣਾਉਣ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੇ ਸੁਝਾਅ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਗੰਗਲ ਨੇ ਕਿਹਾ ਹੈ ਕਿ ਲਾਗਤ ਸਾਂਝੀ ਕਰਨ ਦੇ ਆਧਾਰ ‘ਤੇ ਇਸ ਦੀ ਮਨਜ਼ੂਰੀ ਲਈ ਕਾਰਵਾਈ ਕੀਤੀ ਜਾ ਸਕਦੀ ਹੈ। ਪਰ, ਇਹ ਜੋਇੰਟ ਸਾਈਟ ਫਿਜ਼ੀਬਿਲਿਟੀ ਅਤੇ ਲਾਗਤ ਸਾਂਝੀ ਕਰਨ ਲਈ ਰਾਜ ਸਰਕਾਰ ਦੀ ਸਹਿਮਤੀ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਜਵਾਬ ਦੀ ਉਡੀਕ ਹੈ।ਰੇਲਵੇ ਨੂੰ ਇੱਕ ਹੋਰ ਸੁਝਾਅ ਦਿੰਦਿਆਂ ਅਰੋੜਾ ਨੇ ਕਿਹਾ ਸੀ ਕਿ ਲੁਧਿਆਣਾ ਉਨ੍ਹਾਂ ਦੇ ਖੇਤਰ ਵਿੱਚ ਪੈਂਦਾ ਉਦਯੋਗਿਕ ਸ਼ਹਿਰ ਹੋਣ ਕਾਰਨ ਹਜ਼ਾਰਾਂ ਮਜ਼ਦੂਰ ਰੇਲਵੇ ਸੇਵਾਵਾਂ ‘ਤੇ ਨਿਰਭਰ ਹਨ। ਮੌਜੂਦਾ ਸ਼ਤਾਬਦੀ ਐਕਸਪ੍ਰੈਸ 12037/12038 ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲਈ ਢੁਕਵੀਂ ਨਹੀਂ ਹੈ। ਇਸ ਲਈ, ਉਨ੍ਹਾਂ ਨੇ ਮੌਜੂਦਾ ਸਮਾਂ-ਸਾਰਣੀ ਤੋਂ 3 ਘੰਟੇ ਦੇ ਅੰਤਰ ਨਾਲ ਨਵੀਆਂ ਸ਼ਤਾਬਦੀ ਰੇਲ ਗੱਡੀਆਂ ਦੀ ਸ਼ੁਰੂਆਤ ਲਈ ਬੋਗੀਆਂ ਦੀ ਗਿਣਤੀ ਵਧਾਉਣ ਅਤੇ ਸਮਾਂ-ਸਾਰਣੀ ਯੋਜਨਾ ਦਾ ਖਰੜਾ ਤਿਆਰ ਕਰਨ ਦੀ ਬੇਨਤੀ ਕੀਤੀ ਸੀ। ਇਸ ਦੇ ਜਵਾਬ ਵਿੱਚ ਗੰਗਲ ਨੇ ਅਰੋੜਾ ਨੂੰ ਦੱਸਿਆ ਕਿ ਇਹ ਟਰੇਨ ਹੁਣ ਨਵੇਂ ਨੰਬਰ 22485/86 (ਨਵੀਂ ਦਿੱਲੀ-ਮੋਗਾ, ਹਫ਼ਤੇ ਵਿੱਚ ਦੋ ਵਾਰ) ਅਤੇ 22479/80 (ਲੋਹੀਆਂ ਖਾਸ-ਨਵੀਂ ਦਿੱਲੀ, ਹਫ਼ਤੇ ਵਿੱਚ 5 ਦਿਨ) ਨਾਲ ਚੱਲ ਰਹੀ ਹੈ। ਇਸ ਤਰ੍ਹਾਂ, ਇਹ ਹਫ਼ਤੇ ਦੇ ਸਾਰੇ 7 ਦਿਨਾਂ ‘ਤੇ ਉਪਲਬਧ ਹੈ। ਇਹ ਹੁਣ ਗੈਰ-ਸ਼ਤਾਬਦੀ ਯਾਤਰੀਆਂ ਲਈ ਵੀ ਕਿਫਾਇਤੀ ਹੈ। ਯਾਰਡ ਨੂੰ ਦੁਬਾਰਾ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ। ਲੁਧਿਆਣਾ ਯਾਰਡ ਰੀਮਾਡਲਿੰਗ ਦੇ ਸ਼ੁਰੂ ਹੋਣ ਤੋਂ ਬਾਅਦ ਫਿਜ਼ੀਬਿਲਿਟੀ ਦੀ ਮੁੜ ਜਾਂਚ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਅਰੋੜਾ ਨੇ ਕੁਝ ਮਹੀਨੇ ਪਹਿਲਾਂ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਵੱਲੋਂ ਲਿਖੇ ਪੱਤਰ ਦੇ ਜਵਾਬ ਵਿੱਚ ਸੁਝਾਅ ਦਿੱਤੇ ਸਨ। ਪਿਛਲੇ ਸਾਲ 16 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੋਈ ਰੇਲਵੇ ਦੇ ਅੰਬਾਲਾ ਅਤੇ ਫਿਰੋਜ਼ਪੁਰ ਡਿਵੀਜ਼ਨਾਂ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਵੀ ਉਨ੍ਹਾਂ ਦੇ ਸੁਝਾਵਾਂ ’ਤੇ ਵਿਚਾਰ ਕੀਤਾ ਗਿਆ ਸੀ।ਅਰੋੜਾ ਨੇ ਕਿਹਾ, “ਮੈਂ ਵੱਖ-ਵੱਖ ਮੰਚਾਂ ਅਤੇ ਫੋਰਮਾਂ ਰਾਹੀਂ ਯਾਤਰੀਆਂ ਦੀਆਂ ਸਮੱਸਿਆਵਾਂ ਸੁਣਦਾ ਰਿਹਾ ਹਾਂ ਅਤੇ ਇਸ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੁਝ ਮੁੱਦਿਆਂ ਨੂੰ ਸੁਝਾਵਾਂ ਦੇ ਨਾਲ ਉਜਾਗਰ ਕੀਤਾ ਸੀ, ਇਸ ਉਮੀਦ ਨਾਲ ਕਿ ਉਨ੍ਹਾਂ ਦੇ ਸੁਝਾਅ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਲਾਭਦਾਇਕ ਹੋਣਗੇ।” ਉਨ੍ਹਾਂ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਸਹੀ ਪਰਿਪੇਖ ਵਿੱਚ ਵਿਚਾਰਨ ਲਈ ਰੇਲਵੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਰੇ ਮੁੱਦਿਆਂ ਨੂੰ ਉਦੋਂ ਤੱਕ ਉਠਾਉਂਦੇ ਰਹਿਣਗੇ ਜਦੋਂ ਤੱਕ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਕੇ ਲਾਗੂ ਨਹੀਂ ਕੀਤਾ ਜਾਂਦਾ।

LEAVE A REPLY

Please enter your comment!
Please enter your name here