ਜਗਰਾਉਂ, 22 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )-ਮੈਰਿਜ ਪੈਲੇਸ ਦੇ ਮਾਲਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੱਖਾਂ ਰੁਪਏ ਲੈਣ ਤੋਂ ਬਾਅਦ ਮੁੜ ਪੈਲੇਸ ਵਿੱਚ ਪਹੁੰਚ ਕੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਹੋਰ ਲੱਖਾਂ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿਚ ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਪਿੰਡ ਚਚਰਾੜੀ ਅਤੇ ਜਸਵੀਰ ਸਿੰਘ ਉਰਫ਼ ਜੱਸੀ ਵਾਸੀ ਪਿੰਡ ਜੋਧਾ ਦੇ ਖ਼ਿਲਾਫ਼ ਥਾਣਆ ਸੁਧਾਰ ਵਿੱਚ ਧਾਰਾ 387 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸੁਧਾਰ ਤੋਂ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਰਵਜੀਤ ਸਿੰਘ ਉਰਫ਼ ਸਰਬਾ ਵਾਸੀ ਪਿੰਡ ਬੜੂੰਦੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਮਹਾਰਾਜਾ ਰਿਜ਼ੋਰਟ ਮੈਰਿਜ ਪੈਲੇਸ ਪੱਖੋਵਾਲ ਵਿੱਚ ਹੈ। ਜੋ ਚੰਗੀ ਤਰ੍ਹਾਂ ਚਲਦਾ ਹੈ। ਜਿਸ ਕਾਰਨ ਉਸ ਨੂੰ ਪਿਛਲੇ ਸਮੇਂ ਤੋਂ ਅਕਸਰ ਧਮਕੀਆਂ ਮਿਲਦੀਆਂ ਰਹੀਆਂ ਹਨ। ਧਮਕੀਆਂ ਦੇਣ ਵਾਲਿਆਂ ਵਿੱਚ ਗੁਰਵਿੰਦਰ ਸਿੰਘ ਉਰਫ਼ ਗਿੰਦਾ ਅਤੇ ਜਸਵੀਰ ਸਿੰਘ ਉਰਫ਼ ਜੱਸੀ ਸ਼ਾਮਲ ਹਨ। ਜਦੋਂ ਉਸ ਕੋਲ ਸ਼ਰਾਬ ਦੇ ਠੇਕੇ ਸਨ ਤਾਂ ਉਹ ਅਕਸਰ ਉਸ ਦੇ ਠੇਕਿਆਂ ’ਤੇ ਆਇਆ ਜਾਇਆ ਕਰਦੇ ਸਨ। ਉਸ ਸਮੇਂ ਤੋਂ ਹੀ ਉਹ ਉਸ ਤੇ ਨਜ਼ਰ ਰੱਖੇ ਹੋਏ ਸਨ। ਇਹ ਵਿਅਕਤੀ ਪਿਛਲੇ 6 ਮਹੀਨਿਆਂ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸਨੂੰ ਬੁਰੀ ਤਰ੍ਹਾਂ ਨਾਲ ਡਰਾ ਧਮਕਾ ਕੇ ਕਰੀਬ 30 ਲੱਖ ਰੁਪਏ ਲੈ ਚੁੱਕੇ ਹਨ। ਹੁਣ ਉਹ ਉਸਦੇ ਮੈਰਿਜ ਪੈਲੇਸ ਵਿੱਚ ਆ ਕੇ ਮੇਰੇ ਨੌਕਰਾਂ ਨੂੰ ਧਮਕਾਉਂਦੇ ਹਨ ਕਿ ਤੁਸੀਂ ਇੱਥੇ ਨਾ ਆਓ, ਕਿਤੇ ਵਿਚ ਵਿਚਕਾਰ ਤੁਹਾਡਾ ਨੁਕਸਾਨ ਨਾ ਹੋ ਜਾਵੇ। ਹੁਣ ਫਿਰ ਇਹ ਵਿਅਕਤੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਮੰਗ ਕਰ ਰਿਹਾ ਹੈ। ਮੈਨੂੰ ਡਰਾਉਣ ਲਈ ਉਨ੍ਹਾਂ ਨੇ ਪਹਿਲਾਂ ਵੀ ਉਸ ’ਤੇ ਗੋਲੀਆਂ ਚਲਵਾਈਆਂ ਸਨ। ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਰਵਜੀਤ ਸਿੰਘ ਦੀ ਸ਼ਿਕਾਇਤ ’ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਰੀ ਅਸਲੀਅਤ ਸਾਹਮਣੇ ਆਵੇਗੀ ਕਿ ਇਨ੍ਹਾਂ ਲੋਕਾਂ ਦੇ ਕਿਸ-ਕਿਸ ਨਾਲ ਸਬੰਧ ਹਨ ਅਤੇ ਇਹ ਕਦੋਂ ਤੋਂ ਇਸ ਧੰਦੇ ਵਿਚ ਸ਼ਾਮਲ ਹਨ।