ਮੋਗਾ, 21 ਜਨਵਰੀ ( ਅਸ਼ਵਨੀ) -ਪੰਜਾਬ ਮੰਡੀ ਬੋਰਡ ਮੋਗਾ ਵਿਲੱਖਣ ਪਹਿਲਕਦਮੀ ਕਰਦਿਆਂ ਜਿ਼ਲ੍ਹੇ ਦੇ ਅਗਾਂਹਵਧੂ 35 ਦੇ ਕਰੀਬ ਕਿਸਾਨਾਂ ਜਰੀਏ ਜਿ਼ਲ੍ਹਾ ਮੋਗਾ ਦੀ ਦਾਣਾ ਮੰਡੀ ਵਿਖੇ ਕਿਸਾਨ ਬਾਜ਼ਾਰ ਦਾ ਆਯੋਜਨ ਕੀਤਾ। ਇਸ ਕਿਸਾਨ ਬਾਜ਼ਾਰ ਵਿੱਚ ਅਗਾਂਹਵਧੂ ਕਿਸਾਨਾਂ ਵਲੋਂ ਜ਼ਹਿਰ ਮੁਕਤ, ਰਸਾਇਣ ਮੁਕਤ, ਕੁਦਰਤੀ ਅਤੇ ਵਿਰਾਸਤੀ ਢੰਗ ਨਾਲ ਕਾਸ਼ਤ ਕੀਤੀਆਂ ਫ਼ਸਲਾਂ ਦਾ ਆਪ ਮੰਡੀਕਰਨ ਕੀਤਾ ।ਇਸ ਕਿਸਾਨ ਬਜ਼ਾਰ ਵਿੱਚ ਕਿਸਾਨਾਂ ਵੱਲੋਂ ਸ਼ੁੱਧ ਗੁੱੜ, ਸ਼ੱਕਰ, ਸ਼ਹਿਦ, ਸਰੋਂ ਦਾ ਖਾਲਸ ਤੇਲ, ਦੇਸੀ ਦਾਲਾਂ, ਮੂਲ ਅਨਾਜ, ਆਟਾ, ਸਬਜ਼ੀਆਂ, ਬਾਸਮਤੀ ਚਾਵਲ, ਮਸਾਲੇ ਤੋਂ ਇਲਾਵਾ ਦੁੱਧ ਤੋਂ ਬਣੇ ਪਦਾਰਥ ਦੁੱਧ, ਲੱਸੀ, ਪਨੀਰ, ਦੇਸੀ ਘਿਓ ਵਰਗੇ ਉਤਪਾਦ ਵੇਚੇ ਗਏ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਕਿਸਾਨ ਬਜ਼ਾਰ ਵਿੱਚ 500 ਤੋਂ ਵਧੇਰੇ ਗ੍ਰਾਹਕਾਂ ਨੇ ਇਹਨਾਂ ਅਗਾਹਵਧੂ ਕਿਸਾਨਾਂ ਦੇ ਜਹਿਰ ਮੁਕਤ ਉਤਪਾਦਾਂ ਵਿੱਚ ਦਿਲੀ ਰੁਚੀ ਦਿਖਾ ਕੇ ਇਹਨਾਂ ਦੀ ਖਰੀਦ ਕੀਤੀ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਕੁਦਰਤੀ ਅਤੇ ਵਿਰਾਸਤੀ ਖੇਤੀ ਦੀ ਬਹੁਤ ਜਿਆਦਾ ਜ਼ਰੂਰਤ ਹੈ ਕਿਉਕਿ ਇਸ ਨਾਲ ਮਨੁੱਖੀ ਸਰੀਰ ਨੂੰ ਲਗਦੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਹਿਰ ਮੁਕਤ ਖੇਤੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਬਹੁਤ ਸਾਰੀਆਂ ਬਹੁਮੁੱਲੀਆਂ ਜਾਨਾਂ ਜਾ ਰਹੀਆਂ ਹਨ, ਜਿਹੜੀਆਂ ਕਿ ਕੀਟਨਾਸ਼ਕ ਦਵਾਈਆਂ ਦੀ ਹੀ ਦੇਣ ਹਨ।ਜਿ਼ਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਅੱਜ ਦੇ ਇਸ ਕਿਸਾਨ ਬਜ਼ਾਰ ਵਿੱਚ ਗ੍ਰਾਹਕਾਂ ਦੀ ਭਾਰੀ ਗਿਣਤੀ ਅਤੇ ਰੁਚੀ ਨੂੰ ਵੇਖਦੇ ਹੋਏ ਹੁਣ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਕਿਸਾਨ ਬਾਜ਼ਾਰ ਹਰ ਮਹੀਨੇ ਹੀ ਆਯੋਜਿਤ ਹੋਵੇ।