– 22 ਨਵੇਂ ਕਲਰਕਾਂ ਨੂੰ ਵਿਧਾਇਕਾ ਅਤੇ ਡਿਪਟੀ ਕਮਿਸ਼ਨਰ ਨੇ ਵੰਡੇ ਨਿਯੁਕਤੀ ਪੱਤਰ
ਮੋਗਾ, 24 ਜਨਵਰੀ ( ਅਸ਼ਵਨੀ ) – ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਲਈ ਇਹ ਬਹੁਤ ਹੀ ਇਤਿਹਾਸਿਕ ਪਲ ਹਨ ਕਿ ਪਹਿਲੀ ਵਾਰ ਇਸ ਦਫ਼ਤਰ ਦੀਆਂ ਸਾਰੀਆਂ ਕਲੈਰੀਕਲ ਅਸਾਮੀਆਂ ਭਰ ਗਈਆਂ ਹਨ। ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਸਾਰੀਆਂ ਕਲੈਰੀਕਲ ਅਸਾਮੀਆਂ ਨੂੰ ਭਰ ਦਿੱਤਾ ਹੈ। ਨਵੇਂ ਨਿਯੁਕਤ ਹੋਏ ਕਲਰਕਾਂ ਨੂੰ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਨਿਯੁਕਤੀ ਪੱਤਰ ਵੰਡੇ।
ਇਸ ਮੌਕੇ ਕਲਰਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਮੇਂ ਤੋਂ ਪਹਿਲਾਂ ਚੋਣ ਵਾਅਦੇ ਪੂਰੇ ਕੀਤੇ ਜਾਣਗੇ। ਆਪ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਹਰੇਕ ਸਾਲ 25 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਸਰਕਾਰ ਵੱਲੋਂ ਮਹਿਜ 9 ਮਹੀਨੇ ਵਿੱਚ ਹੀ 26 ਹਜ਼ਾਰ ਤੋਂ ਵਧੇਰੇ ਸਰਕਾਰੀ ਨੌਕਰੀਆਂ ਮੁਹਈਆ ਕਰਵਾਈਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜਲਦੀ ਹੀ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਹੁਣ ਜਿਹੜੀ ਵੀ ਅਸਾਮੀ ਖਾਲੀ ਹੋਇਆ ਕਰੇਗੀ ਉਹ ਨਾਲ ਦੀ ਨਾਲ ਹੀ ਭਰ ਦਿੱਤੀ ਜਾਇਆ ਕਰੇਗੀ।ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਖਾਲੀ 31 ਅਸਾਮੀਆਂ ਨੂੰ ਭਰਨ ਦੀ ਡਿਮਾਂਡ ਭੇਜੀ ਗਈ ਸੀ ਜੋ ਕਿ ਪੂਰੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਕੁੱਲ 132 ਕਲੈਰੀਕਲ ਅਸਾਮੀਆਂ ਹਨ ਜਿਹਨਾਂ ਵਿੱਚੋਂ 31 ਅਸਾਮੀਆਂ ਖਾਲੀ ਸਨ। ਪੰਜਾਬ ਸਰਕਾਰ ਨੇ ਇਹ ਸਾਰੀਆਂ ਅਸਾਮੀਆਂ ਭਰ ਦਿੱਤੀਆਂ ਹਨ। ਅੱਜ 22 ਕਲਰਕਾਂ ਨੇ ਜੁਆਇੰਨ ਕਰ ਲਿਆ ਹੈ ਜਦਕਿ 9 ਕਲਰਕਾਂ ਵੱਲੋਂ ਅਗਲੇ ਦਿਨਾਂ ਦੌਰਾਨ ਆਪਣੀ ਨੌਕਰੀ ਜੁਆਇੰਨ ਕਰ ਲਈ ਜਾਵੇਗੀ। ਉਹਨਾਂ ਨਵੇਂ ਕਲਰਕਾਂ ਨੂੰ ਸਰਕਾਰੀ ਨੌਕਰੀ ਦੀ ਮੁਬਾਰਕਬਾਦ ਦਿੰਦਿਆਂ ਚੰਗੇ ਭਵਿੱਖ ਦੀਆਂ ਕਾਮਨਾਵਾਂ ਦਿੱਤੀਆਂ।ਇਸ ਮੌਕੇ ਨਵੇਂ ਭਰਤੀ ਕਲਰਕਾਂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲਣਾ ਇਕ ਸੁਪਨਾ ਜਿਹਾ ਲੱਗਦਾ ਸੀ ਪਰ ਹੁਣ ਇਹ ਸੁਪਨਾ ਸੱਚ ਹੋਣ ਜਿਹਾ ਜਾਪ ਰਿਹਾ ਹੈ। ਉਹਨਾਂ ਭਰੋਸਾ ਦਿੱਤਾ ਕਿ ਉਹ ਇਸ ਸਰਕਾਰੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।