ਮੋਗਾ, 24 ਜਨਵਰੀ ( ਅਸ਼ਵਨੀ)-ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਚਾਹਵਾਨ ਨੌਜਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਜ਼ਿਲ੍ਹਾ ਯੂਥ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਯੂਥ ਪਾਰਲੀਮੈਂਟ ਦਾ ਆਯੋਜਨ 2019 ਤੋਂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਇਸ ਸਾਲ ਜ਼ਿਲ੍ਹਾ ਅਤੇ ਰਾਜ ਪੱਧਰ ਦੀ ਯੂਥ ਪਾਰਲੀਮੈਂਟ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ ਅਤੇ ਰਾਸ਼ਟਰੀ ਯੂਥ ਪਾਰਲੀਮੈਂਟ ਦਿੱਲੀ ਵਿਖੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਭਾਗ ਲੈਣ ਵਾਲੇ ਨੌਜਵਾਨ ਦੀ ਉਮਰ ਮਿਤੀ 24 ਜਨਵਰੀ 2023 ਨੂੰ 18 ਤੋਂ 25 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਜ਼ਿਲ੍ਹਾ ਪੱਧਰ ‘ਤੇ ਭਾਗ ਲੈਣ ਵਾਲੇ ਭਾਗੀਦਾਰਾਂ ਵਿੱਚੋਂ 2 ਵਿਜੇਤਾ ਚੁਣੇ ਜਾਣਗੇ ਜੋ ਕਿ ਰਾਜ ਪੱਧਰੀ ਯੂਥ ਪਾਰਲੀਮੈਂਟ ਵਿੱਚ ਭਾਗ ਲੈਣਗੇ ਅਤੇ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਰਾਜ ਪੱਧਰ ‘ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਭਾਗੀਦਾਰ ਨੂੰ ਰਾਸ਼ਟਰੀ ਯੂਥ ਪਾਰਲੀਮੈਂਟ ਵਿੱਚ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਰਾਜ ਪੱਧਰ ਤੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਭਾਗੀਦਾਰ ਦਿੱਲੀ ਵਿਖੇ ਹੋਣ ਵਾਲੀ ਰਾਸ਼ਟਰੀ ਯੂਥ ਪਾਰਲੀਮੈਂਟ ਵਿੱਚ ਕੇਵਲ ਹਿੱਸਾ ਲੈ ਸਕਣਗੇ। ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ 2 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ, ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ 1.5 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਨੂੰ 1 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਰਾਜ ਪੱਧਰ ਵਿੱਚ ਹੋਣ ਵਾਲੀ ਯੂਥ ਪਾਰਲੀਮੈਂਟ ਵਿੱਚ ਭਾਗੀਦਾਰ ਹਿੰਦੀ, ਪੰਜਾਬੀ ਅਤੇ ਅੰਗ੍ਰੇਜੀ ਵਿੱਚ ਭਾਸ਼ਣ ਦੇ ਸਕਦਾ ਹੈ ਪ੍ਰੰਤੂ ਰਾਸ਼ਟਰੀ ਪੱਧਰੀ ਯੂਥ ਪਾਰਲੀਮੈਂਟ ਵਿੱਚ ਕੇਵਲ ਹਿੰਦੀ ਜਾਂ ਅੰਗ੍ਰੇਜੀ ਵਿੱਚ ਹੀ ਬੋਲ ਸਕਣਗੇ। ਜ਼ਿਲ੍ਹਾ ਪੱਧਰ ਤੇ ਹੋਣ ਵਾਲੀ ਪਾਰਲੀਮੈਂਟ ਦੇ ਵਿਸ਼ੇ ਸਿਹਤ ਭਲਾਈ ਅਤੇ ਖੇਡ,ਹੁਨਰ ਵਿਕਾਸ ਅਤੇ ਸ਼ੋਸ਼ਲ ਮੀਡੀਆ ਹੋਣਗੇ। ਇਛੁੱਕ ਨੌਜਵਾਨ 28 ਜਨਵਰੀ 2023 ਤੱਕ ਆਪਣੀਆਂ ਅਰਜੀਆਂ ਨਹਿਰੂ ਯੁਵਾ ਕੇਂਦਰ ਮੋਗਾ ਦਫ਼ਤਰ ਵਿਖੇ ਜਿਹੜਾ ਕਿ ਨਿਊ ਦਸ਼ਮੇਸ਼ ਨਗਰ ਗਲੀ ਨੰਬਰ 8ਬੀ, ਅੰਮ੍ਰਿਤਸਰ ਰੋਡ ਉੱਪਰ ਸਥਿਤ ਹੈ, ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਸਤੋਂ ਇਲਾਵਾ ਅਰਜ਼ੀਆਂ ਆਨਲਾਈਨ ਮੋਡ ਜਰੀਏ ਵੀ ਦਿੱਤੀਆਂ ਜਾ ਸਕਦੀਆਂ ਹਨ ਜਿੰਨ੍ਹਾਂ ਦਾ ਗੂਗਲ ਲਿੰਕ ਦਫ਼ਤਰ ਦੇ ਨੰਬਰਾਂ ਉੱਪਰ ਸੰਪਰਕ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਨਹਿਰੂ ਯੁਵਾ ਕੇਂਦਰ ਮੋਗਾ ਦੇ ਮੋਬਾਇਲ ਨੰਬਰ 9464083614, 9027807725 ਵਿਖੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਵੀ ਕੀਤਾ ਜਾ ਸਕਦਾ ਹੈ।